ਮੱਖੂ, 22 ਅਗਸਤ, ਦੇਸ਼ ਕਲਿਕ ਬਿਊਰੋ :
ਫਿਰੋਜ਼ਪੁਰ 'ਚ ਸੜਕ ਹਾਦਸੇ 'ਚ ਬਾਈਕ ਸਵਾਰ ਸਕੇ ਭਰਾਵਾਂ ਦੀ ਮੌਤ ਹੋ ਗਈ। ਇਹ ਘਟਨਾ ਮੱਖੂ ਕਸਬੇ ‘ਚ ਸਥਿਤ ਬਰਡ ਸੈਂਚੂਰੀ ਨੇੜੇ ਵਾਪਰੀ। ਜਿੱਥੇ ਉਨ੍ਹਾਂ ਦੀ ਬਾਈਕ ਨੂੰ ਤੇਜ਼ ਰਫਤਾਰ ਮਿੰਨੀ ਬੱਸ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਸਕੇ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੋਮਾ ਰਾਣੀ ਵਾਸੀ ਮੰਡ ਇੰਦਰਪੁਰ (ਕਪੂਰਥਲਾ) ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੇ ਭਰਾ ਗੁਰਮੇਜ ਸਿੰਘ ਨਾਲ ਬਾਈਕ 'ਤੇ ਜਾ ਰਹੀ ਸੀ ਤਾਂ ਉਸ ਦਾ ਪਤੀ ਮੰਗਲ ਸਿੰਘ (40) ਅਤੇ ਜੇਠ ਕਿਸ਼ਨ ਸਿੰਘ (42) ਦੂਜੀ ਬਾਈਕ 'ਤੇ ਸਵਾਰ ਸਨ। ਦੋਵੇਂ ਕਿਸੇ ਨਿੱਜੀ ਕੰਮ ਲਈ ਹਰੀਕੇ ਪੱਤਣ ਤੋਂ ਘਰ ਪਰਤ ਰਹੇ ਸਨ।ਜਿਵੇਂ ਹੀ ਉਹ ਜਲੰਧਰ ਰੋਡ 'ਤੇ ਬਰਡ ਸੈਂਚੁਰੀ ਨੇੜੇ ਪਹੁੰਚੇ ਤਾਂ ਤੇਜ਼ ਰਫਤਾਰ ਮਿੰਨੀ ਬੱਸ ਨੇ ਉਸਦੇ ਪਤੀ ਅਤੇ ਜੇਠ ਦੇ ਬਾਈਕ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਮੰਗਲ ਸਿੰਘ ਅਤੇ ਕਿਸ਼ਨ ਸਿੰਘ ਦੀ ਮੌਤ ਹੋ ਗਈ।ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮਿੰਨੀ ਬੱਸ ਚਾਲਕ ਉਥੋਂ ਫਰਾਰ ਹੋ ਗਿਆ।ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ।ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।