ਸ਼ਿਮਲਾ, 14 ਅਗਸਤ, ਦੇਸ਼ ਕਲਿਕ ਬਿਊਰੋ :
ਹਿਮਾਚਲ ਦੀ ਰਾਜਧਾਨੀ ਸ਼ਿਮਲਾ ਵਿੱਚ ਅੱਜ ਸੋਮਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਸਮਰਹਿੱਲ ਇਲਾਕੇ ਵਿੱਚ ਸਥਿਤ ਸ਼ਿਵ ਬਾਵੜੀ ਮੰਦਰ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਕਾਰਨ ਡਿੱਗ ਗਿਆ। ਇੱਥੇ ਮੌਜੂਦ 25 ਤੋਂ ਵੱਧ ਲੋਕ ਮਲਬੇ ਹੇਠ ਦੱਬ ਗਏ। ਹੁਣ ਤੱਕ 2 ਬੱਚਿਆਂ ਸਮੇਤ 5 ਲਾਸ਼ਾਂ ਕੱਢੀਆਂ ਗਈਆਂ ਹਨ। ਬਾਕੀਆਂ ਦੀ ਭਾਲ ਜਾਰੀ ਹੈ। ਇਹ ਮੰਦਰ ਸ਼ਿਮਲਾ ਦੇ ਉਪਨਗਰ ਬਾਲਗੰਜ ਇਲਾਕੇ ਵਿੱਚ ਹੈ। ਸਾਉਣ ਦਾ ਸੋਮਵਾਰ ਹੋਣ ਕਾਰਨ ਮੰਦਰ 'ਚ ਸਵੇਰ ਤੋਂ ਹੀ ਭੀੜ ਸੀ। ਕਈ ਪਰਿਵਾਰ ਦਰਸ਼ਨਾਂ ਲਈ ਗਏ ਹੋਏ ਸਨ।ਭਾਰੀ ਮੀਂਹ ਕਾਰਨ ਬਚਾਅ ਕਾਰਜਾਂ 'ਚ ਦਿੱਕਤ ਆ ਰਹੀ ਹੈ। ਪਹਾੜੀ ਤੋਂ ਪੱਥਰ ਅਜੇ ਵੀ ਡਿੱਗ ਰਹੇ ਹਨ। ਮਲਬੇ ਦੇ ਨਾਲ ਮੰਦਰ ਦੇ ਉੱਪਰ ਚਾਰ ਤੋਂ ਪੰਜ ਦਰੱਖਤ ਡਿੱਗ ਗਏ। ਇਸ ਨਾਲ ਵੱਧ ਨੁਕਸਾਨ ਹੋਇਆ ਹੈ। ਐਸਡੀਆਰਐਫ, ਆਈਟੀਬੀਪੀ, ਪੁਲਿਸ ਅਤੇ ਸਥਾਨਕ ਲੋਕ ਬਚਾਅ ਵਿੱਚ ਲੱਗੇ ਹੋਏ ਹਨ। ਜੇਸੀਬੀ ਮਸ਼ੀਨ ਨਾਲ ਮਲਬਾ ਹਟਾਇਆ ਜਾ ਰਿਹਾ ਹੈ।