ਪੁਣੇ, 13 ਅਗਸਤ,ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਐਨਸੀਪੀ ਮੁਖੀ ਸ਼ਰਦ ਪਵਾਰ ਨੇ ਸ਼ਨੀਵਾਰ ਨੂੰ ਪੁਣੇ ਵਿੱਚ ਇੱਕ ਗੁਪਤ ਮੀਟਿੰਗ ਕੀਤੀ। ਇਹ ਮੀਟਿੰਗ ਸ਼ਾਮ ਨੂੰ ਕੋਰੇਗਾਂਵ ਪਾਰਕ ਇਲਾਕੇ ਦੀ ਲੇਨ ਨੰਬਰ 3 ਵਿੱਚ ਸਥਿਤ ਇੱਕ ਵਪਾਰੀ ਦੇ ਬੰਗਲੇ ਵਿੱਚ ਹੋਈ। ਕਰੀਬ 1 ਘੰਟੇ ਤੱਕ ਚੱਲੀ ਇਸ ਬੈਠਕ 'ਚ ਐੱਨਸੀਪੀ ਨੇਤਾ ਜਯੰਤ ਪਾਟਿਲ ਵੀ ਮੌਜੂਦ ਸਨ। ਐਨਸੀਪੀ ਵਿੱਚ ਫੁੱਟ ਤੋਂ ਬਾਅਦ ਅਜੀਤ ਅਤੇ ਸ਼ਰਦ ਦੀ ਇਹ ਚੌਥੀ ਮੁਲਾਕਾਤ ਹੈ।ਮੀਟਿੰਗ 'ਚ ਕੀ ਚਰਚਾ ਹੋਈ ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਇਹ ਮੀਟਿੰਗ ਸ਼ਨੀਵਾਰ ਦੁਪਹਿਰ 2 ਵਜੇ ਦੇ ਕਰੀਬ ਇਕ ਹੋਟਲ ਵਿਚ ਹੋਣੀ ਸੀ ਪਰ ਕਿਸੇ ਕਾਰਨ ਰੱਦ ਕਰ ਦਿੱਤੀ ਗਈ। ਬਾਅਦ ਵਿਚ ਇਹ ਕਾਰੋਬਾਰੀ ਅਤੁਲ ਚੋਰਡੀਆ ਦੇ ਬੰਗਲੇ 'ਚ ਹੋਈ। ਚੋਰਡੀਆ ਪਵਾਰ ਪਰਿਵਾਰ ਦੇ ਕਰੀਬੀ ਹਨ।ਅਜੀਤ ਪਵਾਰ ਅਤੇ ਜਯੰਤ ਪਾਟਿਲ ਮੀਡੀਆ ਨੂੰ ਚਕਮਾ ਦੇ ਕੇ ਮੀਟਿੰਗ ਵਿੱਚ ਸ਼ਾਮਲ ਹੋਏ। ਅਜੀਤ ਦਫ਼ਤਰੀ ਕਾਫ਼ਲਾ ਛੱਡ ਕੇ ਮੀਟਿੰਗ ਵਿੱਚ ਪਹੁੰਚੇ।ਇਸ ਦੇ ਨਾਲ ਹੀ ਜਯੰਤ ਪਾਰਟੀ ਵਰਕਰ ਦੀ ਗੱਡੀ ਵਿੱਚ ਹੀ ਰਵਾਨਾ ਹੋ ਗਏ। ਮੀਟਿੰਗ ਤੋਂ ਬਾਅਦ ਰਵਾਨਾ ਹੋਣ ਸਮੇਂ ਅਜੀਤ ਆਪਣੀ ਕਾਰ ਵਿੱਚ ਮੀਡੀਆ ਤੋਂ ਲੁੱਕਦੇ ਨਜ਼ਰ ਆਏ।ਇਸ ਮੁਲਾਕਾਤ ਤੋਂ ਬਾਅਦ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਵੰਡੀ ਹੋਈ ਐਨਸੀਪੀ ਫਿਰ ਤੋਂ ਇੱਕਜੁੱਟ ਹੋ ਸਕਦੀ ਹੈ। ਸੂਤਰਾਂ ਮੁਤਾਬਕ ਸ਼ਰਦ ਖੁਦ ਇਕ-ਦੋ ਦਿਨਾਂ 'ਚ ਮੀਡੀਆ ਨਾਲ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਨਗੇ।