ਚੰਬਾ, 11 ਅਗਸਤ :
ਹਿਮਾਚਲ ਪ੍ਰਦੇਸ਼ ’ਚ ਮਾਨਸੂਨ ਦੇ ਕਹਿਰ ਦੇ ਵਿਚਕਾਰ ਸੜਕ ਹਾਦਸੇ ਵੀ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਚੰਬਾ ਜ਼ਿਲੇ ਦੇ ਤੀਸਾ ਥਾਣਾ ਖੇਤਰ ’ਚ ਪੁਲਿਸ ਮੁਲਾਜ਼ਮਾਂ ਨਾਲ ਭਰੀ ਇਕ ਬੋਲੇਰੋ ਜੀਪ ਬੇਕਾਬੂ ਹੋ ਕੇ ਸਿਓਲ ਨਦੀ ’ਚ ਡਿੱਗ ਗਈ।
ਚੰਬਾ ਦੇ ਪੁਲਿਸ ਸੁਪਰਡੈਂਟ ਅਭਿਸ਼ੇਕ ਯਾਦਵ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਈ ਬੋਲੈਰੋ ਸ਼ੁੱਕਰਵਾਰ ਸਵੇਰੇ ਤੀਸਾ ਤੋਂ ਬੈਰਾਗੜ੍ਹ ਵੱਲ ਜਾ ਰਹੀ ਸੀ, ਕਿ ਸੰਤੁਲਨ ਗੁਆ ਬੈਠੀ ਅਤੇ ਤਰਵਾਈ ਨਾਮਕ ਸਥਾਨ ’ਤੇ ਨਦੀ ਵਿੱਚ ਡਿੱਗ ਗਈ। ਬੋਲੈਰੋ ’ਚ ਹਿਮਾਚਲ ਪੁਲਿਸ ਬਟਾਲੀਅਨ ਦੇ 9 ਜਵਾਨ ਅਤੇ ਦੋ ਸਥਾਨਕ ਲੋਕ ਸਵਾਰ ਸਨ। ਹਾਦਸੇ ਦਾ ਪਤਾ ਲੱਗਦੇ ਹੀ ਤੀਸਾ ਪੁਲਿਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਬੋਲੈਰੋ ਪਲਟ ਕੇ ਬਾਹਰ ਆ ਜਾਣ ਕਾਰਨ ਕੁਝ ਲੋਕ ਵਾਲ-ਵਾਲ ਬਚ ਗਏ। ਹਾਲਾਂਕਿ ਉਹ ਗੰਭੀਰ ਜ਼ਖਮੀ ਹੈ।
ਉਨ੍ਹਾਂ ਦੱਸਿਆ ਕਿ ਇਸ ਦਰਦਨਾਕ ਹਾਦਸੇ ਵਿੱਚ ਗੱਡੀ ਵਿੱਚ ਸਵਾਰ ਛੇ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਡਰਾਈਵਰ ਅਤੇ ਪੰਜ ਪੁਲਿਸ ਮੁਲਾਜ਼ਮ ਸ਼ਾਮਲ ਹਨ। ਚਾਰ ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਨਦੀ ਦੇ ਤੇਜ਼ ਵਹਾਅ ਵਿੱਚ ਇੱਕ ਵਿਅਕਤੀ ਲਾਪਤਾ ਹੈ। ਤੀਸਾ ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਐੱਨਡੀਆਰਐੱਫ ਦੀ ਟੀਮ ਨੇ ਵੀ ਬਚਾਅ ਕਾਰਜ ’ਚ ਸਹਿਯੋਗ ਦਿੱਤਾ।
ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਅਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸੜਕ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਜਪਾਲ ਅਤੇ ਮੁੱਖ ਮੰਤਰੀ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਦੁਖੀ ਪਰਿਵਾਰ ਦੇ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਮੁੱਖ ਮੰਤਰੀ ਨੇ ਜ਼ਖਮੀਆਂ ਦੀ ਹਰ ਸੰਭਵ ਮਦਦ ਕਰਨ ਲਈ ਜ਼ਿਲਾ ਪ੍ਰਸ਼ਾਸਨ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਇਸ ਦੌਰਾਨ ਸਥਾਨਕ ਭਾਜਪਾ ਵਿਧਾਇਕ ਹੰਸਰਾਜ ਨੇ ਹਾਦਸੇ ਲਈ ਲੋਕ ਨਿਰਮਾਣ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਵਿਭਾਗ ਦੇ ਐਕਸੀਅਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਹੰਸਰਾਜ ਨੇ ਇਕ ਬਿਆਨ ’ਚ ਕਿਹਾ ਕਿ ਬੋਲੈਰੋ ਪਹਾੜ ਤੋਂ ਪੱਥਰ ਡਿੱਗਣ ਕਾਰਨ ਹਾਦਸਾਗ੍ਰਸਤ ਹੋ ਗਈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਰਕਾਰ ਨੂੰ ਲਗਾਤਾਰ ਮਿੰਨਤਾਂ ਕਰਕੇ ਇਸ ਸੜਕ ਨੂੰ ਬੰਦ ਕਰਵਾਇਆ ਸੀ ਪਰ ਸਰਕਾਰ ਨੇ ਇਸ ਸੜਕ ਨੂੰ ਮੁੜ ਖੋਲ੍ਹ ਦਿੱਤਾ ਸੀ। ਪਹਾੜ ਲਗਾਤਾਰ ਡਿੱਗ ਰਿਹਾ ਸੀ, ਜਨਤਾ ਦੇਖ ਰਹੀ ਸੀ ਪਰ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।