ਸ਼੍ਰੀਨਗਰ, 5 ਅਗਸਤ, ਦੇਸ਼ ਕਲਿਕ ਬਿਊਰੋ :
ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਅੱਤਵਾਦੀਆਂ ਦਾ ਪਤਾ ਲਗਾਉਣ ਲਈ ਵਾਧੂ ਸੁਰੱਖਿਆ ਬਲ ਭੇਜੇ ਗਏ ਹਨ। ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਇੱਥੇ ਦੋ ਤੋਂ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ।ਭਾਰਤੀ ਸੈਨਾ ਦੀ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਇੱਕ ਟਵੀਟ ਵਿੱਚ ਕਿਹਾ ਕਿ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਹਲਾਨ ਜੰਗਲੀ ਖੇਤਰ ਦੇ ਉੱਚਾਈ ਖੇਤਰ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਘੇਰਾ ਹੋਰ ਸਖ਼ਤ ਹੁੰਦਾ ਦੇਖ ਕੇ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਤਿੰਨ ਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਸੂਤਰਾਂ ਦਾ ਕਹਿਣਾ ਹੈ ਕਿ ਸ਼ਹੀਦ ਜਵਾਨਾਂ ਦੇ ਨਾਂ ਹੈੱਡ ਕਾਂਸਟੇਬਲ ਬਾਬੂਲਾਲ, ਕਾਂਸਟੇਬਲ ਵਸੀਮ ਅਹਿਮਦ ਅਤੇ ਸਚਿਨ ਦੱਸੇ ਜਾ ਰਹੇ ਹਨ। ਹਾਲਾਂਕਿ ਫੌਜ ਨੇ ਜਵਾਨਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ।