ਮੁੰਬਈ, 1 ਅਗਸਤ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਗਲਵਾਰ ਨੂੰ ਸਵੇਰੇ 11 ਵਜੇ ਮਹਾਰਾਸ਼ਟਰ ਦੇ ਪੁਣੇ ਪਹੁੰਚਣਗੇ। ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਗੜੂਸ਼ੇਠ ਮੰਦਰ ਜਾਣਗੇ ਅਤੇ ਪੂਜਾ ਕਰਨਗੇ। ਇਸ ਤੋਂ ਬਾਅਦ ਉਹ ਐਸਪੀ ਕਾਲਜ ਗਰਾਊਂਡ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਇੱਥੇ ਉਨ੍ਹਾਂ ਨੂੰ ਤਿਲਕ ਸਮਾਰਕ ਮੰਦਰ ਟਰੱਸਟ ਵੱਲੋਂ ਲੋਕਮਾਨਿਆ ਤਿਲਕ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਐਨਸੀਪੀ ਮੁਖੀ ਸ਼ਰਦ ਪਵਾਰ ਮੌਜੂਦ ਹੋਣਗੇ। ਹਾਲਾਂਕਿ ਪ੍ਰਧਾਨ ਮੰਤਰੀ ਨੂੰ ਇਹ ਪੁਰਸਕਾਰ ਚੀਫ ਟਰੱਸਟੀ ਦੀਪਕ ਤਿਲਕ ਵੱਲੋਂ ਦਿੱਤਾ ਜਾਵੇਗਾ।ਪੁਣੇ ਦੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸ਼ਹਿਰ ਦੀ ਨਵੀਂ ਮੈਟਰੋ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਤੋਂ ਇਲਾਵਾ ਉਹ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ। ਮਹਾਰਾਸ਼ਟਰ ਕਾਂਗਰਸ ਨੇ ਪੀਐਮ ਮੋਦੀ ਦੇ ਦੌਰੇ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਸ਼ਹਿਰ ਵਿੱਚ ਕਈ ਥਾਵਾਂ 'ਤੇ ਪੀਐਮ ਗੋ ਬੈਕ ਦੇ ਪੋਸਟਰ ਲਗਾਏ ਹਨ।ਸ਼ਰਦ ਪਵਾਰ ਦਾ ਪੀਐਮ ਮੋਦੀ ਨਾਲ ਮੰਚ ਸਾਂਝਾ ਕਰਨਾ ਵਿਰੋਧੀ ਗਠਜੋੜ I.N.D.I.A. ਦੇ ਨੇਤਾਵਾਂ ਨੂੰ ਰਾਸ ਨਹੀਂ ਆ ਰਿਹਾ।ਖਾਸ ਤੌਰ 'ਤੇ ਕਾਂਗਰਸ ਨੇਤਾਵਾਂ ਨੂੰ ਚਿੰਤਾ ਹੈ ਕਿ ਮੁੰਬਈ 'ਚ ਹੋਣ ਵਾਲੀ ਵਿਰੋਧੀ ਧਿਰ ਦੀ ਆਗਾਮੀ ਬੈਠਕ ਤੋਂ ਪਹਿਲਾਂ ਸ਼ਰਦ ਪਵਾਰ ਦਾ ਮੋਦੀ ਨਾਲ ਮਿਲਣਾ ਗਲਤ ਸੰਦੇਸ਼ ਜਾਵੇਗਾ।