ਰਾਏਪੁਰ,30 ਜੁਲਾਈ,ਦੇਸ਼ ਕਲਿਕ ਬਿਊਰੋ:
ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ 14 ਸਾਲ ਪਹਿਲਾਂ ਯਾਨੀ 2009 ਵਿੱਚ ਧਮਤਰੀ ਦੇ ਕਿਸਾਨ ਸੰਘਰਸ਼ ਮਾਮਲੇ ਵਿੱਚ ਜੇਲ੍ਹ ਜਾਣ ਵਾਲੇ ਕਿਸਾਨਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਛੱਤੀਸਗੜ੍ਹ ਕਿਸਾਨ ਯੂਨੀਅਨ ਨੇ ਸੂਬਾ ਸਰਕਾਰ ਦੇ ਇਸ ਐਲਾਨ ਲਈ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਧੰਨਵਾਦ ਕੀਤਾ ਹੈ। ਦਰਅਸਲ, 9 ਨਵੰਬਰ 2009 ਨੂੰ ਛੱਤੀਸਗੜ੍ਹ ਕਿਸਾਨ ਯੂਨੀਅਨ ਦੇ ਬੈਨਰ ਹੇਠ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨਾਂ ਨੇ ਸਮਰਥਨ ਮੁੱਲ ਅਤੇ ਬੋਨਸ ਦੀ ਮੰਗ ਨੂੰ ਲੈ ਕੇ ਸਿਹਾਵਾ ਚੌਕ ਵਿਖੇ ਧਰਨਾ ਦਿੱਤਾ ਸੀ। ਇਸ ਦੇ ਨਾਲ ਹੀ ਇਸ ਪ੍ਰਦਰਸ਼ਨ ਵਿੱਚ ਕਾਫੀ ਹੰਗਾਮਾ ਵੀ ਹੋਇਆ ਸੀ।ਇਸ ਮਾਮਲੇ 'ਚ ਪੁਲਿਸ ਨੇ 34 ਕਿਸਾਨਾਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਸਾਲ 2012 'ਚ ਅਦਾਲਤ ਨੇ ਸਾਰੇ 34 ਕਿਸਾਨਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ।ਹੁਣ ਸੂਬਾ ਸਰਕਾਰ ਨੇ ਕਿਸਾਨ ਸੰਘਰਸ਼ ਵਿੱਚ ਜੇਲ੍ਹ ਜਾਣ ਵਾਲੇ 34 ਕਿਸਾਨਾਂ ਨੂੰ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।