ਨਵੀਂ ਦਿੱਲੀ, 29 ਜੁਲਾਈ, ਦੇਸ਼ ਕਲਿੱਕ ਬਿਓਰੋ :
ਮੁਹੱਰਮ ਦਾ ਜਲੂਸ ਕੱਢਦੇ ਸਮੇਂ ਝਾਰਖੰਡ ਵਿੱਚ ਬਿਜਲੀ ਦੀ ਹਾਈਟੈਂਸ਼ਨ ਲਾਈਨ ਦੀ ਲਪੇਟ ਵਿੱਚ ਆਉਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ 13 ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਸ ਵਿਚੋਂ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 9 ਹੋਰ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬੋਕਾਰੋ ਵਿੱਚ ਮੁਹੱਰਮ ਦਾ ਜੁਲੂਸ ਕੱਢਿਆ ਜਾ ਰਿਹਾ ਸੀ ਤਾਂ ਅੱਜ ਸਵੇਰੇ ਕਰੀਬ 6 ਵਜੇ ਇਹ ਹਾਦਸਾ ਵਾਪਰ ਗਿਆ।ਦੱਸਿਆ ਜਾ ਰਿਹਾ ਹੈ ਕਿ ਤਾਜੀਆ ਚੁੱਕਣ ਦੌਰਾਨ ਉਪਰ ਤੋਂ ਲੰਘ ਰਹੀ 11 ਹਜ਼ਾਰ ਵੋਲਟ ਦੀ ਹਾਈਟੇਂਸ਼ਨ ਲਾਈਨ ਨਾਲ ਲੱਗ ਗਈ, ਜਿਸ ਨਾਲ ਤਾਜੀਆ ਦੇ ਜੁਲੂਸ ਵਿੱਚ ਰੱਖੀ ਗਈ ਬੈਟਰੀ ਬਲਾਸਟ ਹੋ ਗਈ। ਲੋਕਾਂ ਨੂੰ ਤੁਰੰਤ ਸਾਰੇ ਜ਼ਖਮੀਆਂ ਨੂੰ ਡੀਵੀਸੀ ਬੋਕਾਰੋ ਥਰਮਲ ਹਸਪਤਾਲ ਵਿੱਚ ਭਰਤੀ ਕਰਵਾਇਆ। ਇਸ ਹਾਦਸੇ ਵਿੱਚ 4 ਲੋਕਾਂ ਦੀ ਜਾਨ ਚਲੀ ਗਈ।