ਇੰਫਾਲ, 29 ਜੁਲਾਈ, ਦੇਸ਼ ਕਲਿਕ ਬਿਊਰੋ :
ਮਨੀਪੁਰ ਵਿੱਚ 3 ਮਈ ਤੋਂ ਕੁਕੀ ਅਤੇ ਮੇਤੇਈ ਭਾਈਚਾਰਿਆਂ ਦਰਮਿਆਨ ਚੱਲ ਰਹੀ ਹਿੰਸਾ ਹੁਣ ਸੁਰੱਖਿਆ ਬਲਾਂ ਵੱਲ ਮੁੜ ਗਈ ਹੈ। ਪਿਛਲੇ 24 ਘੰਟਿਆਂ 'ਚ ਬਿਸ਼ਨੂਪੁਰ ਅਤੇ ਚੂਰਾਚੰਦਪੁਰ ਜ਼ਿਲਿਆਂ 'ਚ ਕਈ ਥਾਵਾਂ 'ਤੇ ਸੁਰੱਖਿਆ ਬਲਾਂ ਅਤੇ ਹਮਲਾਵਰਾਂ ਵਿਚਾਲੇ ਮੁੱਠਭੇੜ ਹੋਈ। ਹਮਲਾਵਰਾਂ ਨੇ ਕਰੀਬ 200 ਕੱਚੇ ਬੰਬ ਸੁੱਟੇ। ਬਿਸ਼ਨੂਪੁਰ ਦੇ ਫੂਗਾਕਚਾਓ ਥਾਣਾ ਅਧੀਨ ਚਾਰ ਵੱਖ-ਵੱਖ ਥਾਵਾਂ 'ਤੇ ਹੋਈਆਂ ਝੜਪਾਂ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਵੀਰਵਾਰ ਨੂੰ ਵੀ ਦੋ ਦੀ ਮੌਤ ਹੋ ਗਈ। ਫੌਜ ਅਤੇ ਮਨੀਪੁਰ ਪੁਲਿਸ ਦੇ ਇਕ-ਇਕ ਕਮਾਂਡੋ ਸਮੇਤ ਪੰਜ ਲੋਕ ਜ਼ਖਮੀ ਹੋ ਗਏ।ਪਹਿਲੀ ਵਾਰ ਹਥਿਆਰਬੰਦ ਭੀੜ ਸਿੱਧੇ ਤੌਰ 'ਤੇ ਬੀਐਸਐਫ ਅਤੇ ਅਰਧ ਸੈਨਿਕ ਬਲਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਅੱਤਵਾਦੀ ਕਾਡਰ ਸ਼ਾਮਲ ਹੋ ਸਕਦੇ ਹਨ, ਕਿਉਂਕਿ ਸ਼ਰਾਰਤੀ ਅਨਸਰ ਅਜਿਹੇ ਵੱਡੇ ਹਮਲੇ ਨੂੰ ਅੰਜਾਮ ਨਹੀਂ ਦੇ ਸਕਦੇ ਹਨ।ਅਰਧ ਸੈਨਿਕ ਬਲਾਂ ਦੀ ਸਹਾਇਤਾ ਲਈ ਫੌਜ ਦੀ ਕੁਮਾਉਂ ਰੈਜੀਮੈਂਟ ਦੀਆਂ ਟੁਕੜੀਆਂ ਨੂੰ ਵੀ ਮੌਕੇ 'ਤੇ ਭੇਜਿਆ ਗਿਆ ਹੈ। ਇਸ ਦੌਰਾਨ ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ ਨੇ ਸਾਰੇ ਉੱਤਰ-ਪੂਰਬੀ ਰਾਜਾਂ ਦੇ ਨੇਤਾਵਾਂ ਨੂੰ ਮਣੀਪੁਰ ਦੇ ਮਾਮਲਿਆਂ 'ਚ ਦਖਲ ਨਾ ਦੇਣ ਦੀ ਅਪੀਲ ਕੀਤੀ।