ਨਾਗਰਿਕਤਾ ਛੱਡਣ ਵਾਲੇ ਭਾਰਤੀ ਕਰੋੜਪਤੀਆਂ ਦੀ ਗਿਣਤੀ ਸਿਰਫ 2.5 ਫੀਸਦੀ
ਨਾਗਰਿਕਤਾ ਛੱਡਣ ਵਾਲਿਆਂ ਵਿੱਚ 97.5ਫੀਸਦੀ ਨੌਕਰੀਪੇਸ਼ਾ
ਪੇਸ਼ੇਵਰਾਂ ਲਈ ਅਮਰੀਕਾ ਅਤੇ ਕਾਰੋਬਾਰੀਆਂ ਲਈ ਆਸਟ੍ਰੇਲੀਆ-ਸਿੰਗਾਪੁਰ ਪਹਿਲੀ ਪਸੰਦ
ਨਵੀਂ ਦਿੱਲ਼ੀ, 25 ਜੁਲਾਈ, ਦੇਸ਼ ਕਲਿਕ ਬਿਊਰੋ :
ਪਿਛਲੇ 12 ਸਾਲਾਂ ਵਿੱਚ 2011 ਤੋਂ 2022 ਤੱਕ 13.86 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ। ਇਨ੍ਹਾਂ ਵਿੱਚੋਂ 7 ਲੱਖ ਅਮਰੀਕਾ ਵਿੱਚ ਸੈਟਲ ਹੋ ਗਏ। ਖਾਸ ਗੱਲ ਇਹ ਹੈ ਕਿ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ 'ਚ ਕਰੋੜਪਤੀਆਂ ਦੀ ਗਿਣਤੀ ਸਿਰਫ 2.5 ਫੀਸਦੀ ਹੈ। ਯਾਨੀ ਕਿ ਨਾਗਰਿਕਤਾ ਛੱਡਣ ਵਾਲਿਆਂ ਵਿੱਚ 97.5% ਨੌਕਰੀਪੇਸ਼ਾ ਹਨ, ਜੋ ਬਿਹਤਰ ਮੌਕਿਆਂ ਲਈ ਵਿਦੇਸ਼ ਗਏ ਹਨ।ਹੇਨਲੀ ਪ੍ਰਾਈਵੇਟ ਵੈਲਥ ਮਾਈਗ੍ਰੇਸ਼ਨ ਰਿਪੋਰਟ 2023 ਮੁਤਾਬਕ ਭਾਰਤ ਛੱਡਣ ਵਾਲੇ ਕਰੋੜਪਤੀਆਂ ਦੀ ਗਿਣਤੀ ਵਿੱਚ ਕੋਈ ਖਾਸ ਵਾਧਾ ਨਹੀਂ ਹੋਇਆ ਹੈ। ਪਰ ਪੇਸ਼ੇਵਰਾਂ ਵਿੱਚ ਵਿਦੇਸ਼ ਜਾਣ ਦੀ ਦਿਲਚਸਪੀ ਪਹਿਲਾਂ ਨਾਲੋਂ ਲਗਭਗ ਦੁੱਗਣੀ ਹੋ ਗਈ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅੰਕੜੇ ਦਰਸਾਉਂਦੇ ਹਨ ਕਿ 2010 ਤੱਕ, ਨਾਗਰਿਕਤਾ ਤਿਆਗਣ ਦੀ ਦਰ 7% ਦੀ ਸਾਲਾਨਾ ਦਰ ਨਾਲ ਵਧ ਰਹੀ ਸੀ। ਹੁਣ ਇਹ ਦਰ ਵਧ ਕੇ 29% ਹੋ ਗਈ ਹੈ।ਸੰਸਦ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ 2022 ਵਿੱਚ ਸਭ ਤੋਂ ਵੱਧ 2 ਲੱਖ 25 ਹਜ਼ਾਰ 620 ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡੀ ਸੀ। ਜਦੋਂ ਕਿ ਸਾਲ 2021 ਵਿੱਚ 1.63 ਲੱਖ ਲੋਕਾਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਸੀ। 2020 ਵਿੱਚ, ਸਭ ਤੋਂ ਘੱਟ 85 ਹਜ਼ਾਰ ਲੋਕ ਵਿਦੇਸ਼ ਵਿੱਚ ਵਸੇ। ਇਹ ਸੰਖਿਆ 2010 ਤੋਂ ਬਾਅਦ ਸਭ ਤੋਂ ਘੱਟ ਸੀ, ਕਿਉਂਕਿ ਉਦੋਂ ਕੋਰੋਨਾ ਦਾ ਦੌਰ ਚੱਲ ਰਿਹਾ ਸੀ।
ਭਾਰਤ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਦਿੰਦਾ, ਇਸ ਲਈ ਜਿਹੜੇ ਲੋਕ ਕਿਸੇ ਹੋਰ ਦੇਸ਼ ਵਿੱਚ ਵਸਣਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੀ ਭਾਰਤੀ ਨਾਗਰਿਕਤਾ ਛੱਡਣੀ ਪੈਂਦੀ ਹੈ। ਪੇਸ਼ੇਵਰਾਂ ਲਈ ਅਮਰੀਕਾ ਅਤੇ ਕਾਰੋਬਾਰੀਆਂ ਲਈ ਆਸਟ੍ਰੇਲੀਆ-ਸਿੰਗਾਪੁਰ ਪਹਿਲੀ ਪਸੰਦ ਹਨ। ਇੱਥੇ ਨਵਾਂ ਕਾਰੋਬਾਰ ਸਥਾਪਤ ਕਰਨ ਲਈ ਨਾਗਰਿਕਤਾ ਲੈਣ ਲਈ ਸ਼ੁਰੂਆਤੀ ਸਾਲਾਂ ਵਿੱਚ ਨਾਮਾਤਰ ਟੈਕਸ ਲਗਦਾ ਹੈ।