ਜੈਪੁਰ, 22 ਜੁਲਾਈ, ਦੇਸ਼ ਕਲਿਕ ਬਿਊਰੋ:
ਰਾਜਸਥਾਨ ਦੇ ਪੇਂਡੂ ਵਿਕਾਸ ਰਾਜ ਮੰਤਰੀ ਰਾਜੇਂਦਰ ਸਿੰਘ ਗੁੜਾ ਨੂੰ ਸ਼ੁੱਕਰਵਾਰ ਰਾਤ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਰਾਜਪਾਲ ਕਲਰਾਜ ਮਿਸ਼ਰਾ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਿਫਾਰਿਸ਼ ਨੂੰ ਸਵੀਕਾਰ ਕਰ ਲਿਆ ਹੈ। ਰਾਜਿੰਦਰ ਸਿੰਘ ਗੁੜਾ ਲੰਬੇ ਸਮੇਂ ਤੋਂ ਸੀਐਮ ਗਹਿਲੋਤ ਅਤੇ ਸਰਕਾਰ ਦੇ ਖਿਲਾਫ ਬਿਆਨ ਦੇ ਰਹੇ ਸਨ।ਬਰਖਾਸਤਗੀ ਤੋਂ ਬਾਅਦ ਗੁੜਾ ਨੇ ਕਿਹਾ ਕਿ ਔਰਤਾਂ ‘ਤੇ ਅੱਤਿਆਚਾਰ ਦੇ ਮਾਮਲੇ 'ਚ ਰਾਜਸਥਾਨ ਪਹਿਲੇ ਨੰਬਰ 'ਤੇ ਹੈ ਅਤੇ ਇਹ ਕਾਰਨਾਮਾ ਗਹਿਲੋਤ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਹੈ। ਇਹ ਸੱਚ ਹੈ ਅਤੇ ਮੈਨੂੰ ਸੱਚ ਬੋਲਣ ਦੀ ਸਜ਼ਾ ਮਿਲੀ ਹੈ। ਮੈਂ ਗਹਿਲੋਤ ਦਾ ਸਮਰਥਨ ਕੀਤਾ, ਪਰ ਭਵਿੱਖ ਵਿੱਚ ਇਸ ਆਦਮੀ ਦਾ ਸਮਰਥਨ ਕਰਨ ਤੋਂ ਪਹਿਲਾਂ ਸੌ ਵਾਰ ਸੋਚਾਂਗਾ।ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਘੱਟੋ-ਘੱਟ ਆਮਦਨ ਗਾਰੰਟੀ ਬਿੱਲ 'ਤੇ ਬਹਿਸ ਦੌਰਾਨ ਗੁੜਾ ਨੇ ਆਪਣੀ ਹੀ ਸਰਕਾਰ 'ਤੇ ਔਰਤਾਂ ਦੀ ਸੁਰੱਖਿਆ 'ਚ ਅਸਫਲ ਰਹਿਣ ਦਾ ਦੋਸ਼ ਲਗਾਇਆ ਸੀ। ਕਾਂਗਰਸ ਵਿਧਾਇਕਾਂ ਨੇ ਮਣੀਪੁਰ ਵਿੱਚ ਔਰਤਾਂ ਦੀ ਨਗਨ ਪਰੇਡ ਦੀ ਘਟਨਾ ਦੇ ਵਿਰੋਧ ਵਿੱਚ ਤਖ਼ਤੀਆਂ ਲਹਿਰਾਈਆਂ ਸੀ।ਇਸ 'ਤੇ ਗੁੜਾ ਨੇ ਕਿਹਾ ਕਿ ਰਾਜਸਥਾਨ 'ਚ ਇਹ ਸੱਚ ਹੈ ਕਿ ਅਸੀਂ ਔਰਤਾਂ ਦੀ ਸੁਰੱਖਿਆ 'ਚ ਅਸਫਲ ਰਹੇ ਹਾਂ। ਰਾਜਸਥਾਨ ਵਿਚ ਜਿਸ ਤਰ੍ਹਾਂ ਔਰਤਾਂ 'ਤੇ ਅੱਤਿਆਚਾਰ ਵਧੇ ਹਨ, ਉਸ 'ਤੇ ਮਣੀਪੁਰ ਦੀ ਬਜਾਏ ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਗੁੜਾ ਦੀ ਬਰਖਾਸਤਗੀ ਤੋਂ ਬਾਅਦ ਹੁਣ ਗਹਿਲੋਤ ਮੰਤਰੀ ਮੰਡਲ 'ਚ ਇਕ ਮੰਤਰੀ ਦੀ ਜਗ੍ਹਾ ਖਾਲੀ ਹੋ ਗਈ ਹੈ। ਹੁਣ ਮੰਤਰੀ ਮੰਡਲ ਵਿੱਚ ਫੇਰਬਦਲ ਦੀ ਸੰਭਾਵਨਾ ਹੈ।