ਲਖਨਊ, 19 ਜੁਲਾਈ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਤੋਂ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਕ ਘਰ ਦਾ ਲੈਂਟਰ ਡਿੱਗ ਗਿਆ। ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਹਾਦਸੇ 'ਚ ਮਰੇ ਦੋ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ, ਜਦਕਿ ਦੋ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹਨ।
ਜਾਣਕਾਰੀ ਮੁਤਾਬਕ ਬੁਲੰਦਸ਼ਹਿਰ ਜ਼ਿਲੇ ਦੇ ਨਰਸੇਨਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਮਵਾਈ 'ਚ ਦੇਰ ਰਾਤ ਘਰ ਦਾ ਲੈਂਟਰ ਡਿੱਗ ਗਿਆ। ਕਈ ਪਰਿਵਾਰਕ ਮੈਂਬਰ ਮਲਬੇ ਹੇਠ ਦੱਬ ਗਏ। ਜਿਨ੍ਹਾਂ ਵਿੱਚੋਂ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਦੋ ਲੋਕਾਂ ਦੀਆਂ ਲਾਸ਼ਾਂ ਨੂੰ ਕੱਢ ਲਿਆ ਗਿਆ ਹੈ, ਜਦਕਿ ਦੋ ਗੰਭੀਰ ਜ਼ਖਮੀਆਂ ਨੂੰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੋਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਹੀ ਘਰ ਦੀ ਦੂਜੀ ਮੰਜ਼ਿਲ 'ਤੇ ਲੈਂਟਰ ਪਾਇਆ ਗਿਆ ਸੀ। ਪਰਿਵਾਰ ਦੇ 13 ਮੈਂਬਰ ਜ਼ਮੀਨੀ ਮੰਜ਼ਿਲ 'ਤੇ ਸੁੱਤੇ ਹੋਏ ਸਨ। ਦੇਰ ਰਾਤ ਹੋਏ ਹਾਦਸੇ ਤੋਂ ਬਾਅਦ ਪਿੰਡ ਵਿੱਚ ਹਫੜਾ-ਦਫੜੀ ਮੱਚ ਗਈ। ਪਿੰਡ ਵਾਸੀਆਂ ਨੇ ਤੁਰੰਤ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੇ ਯਤਨ ਸ਼ੁਰੂ ਕੀਤੇ। ਸੂਚਨਾ ਮਿਲਦੇ ਹੀ ਸੀਓ ਸਮੇਤ ਹੋਰ ਅਧਿਕਾਰੀਆਂ ਦੀਆਂ ਕਈ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜਾਂ 'ਚ ਜੁੱਟ ਗਈਆਂ।