ਨਵੀਂ ਦਿੱਲੀ, 18 ਜੁਲਾਈ, ਦੇਸ਼ ਕਲਿਕ ਬਿਊਰੋ :
ਭਾਰਤੀ ਜਨਤਾ ਪਾਰਟੀ ਨੇ ਅੱਜ ਮੰਗਲਵਾਰ ਨੂੰ ਰਾਸ਼ਟਰੀ ਜਮਹੂਰੀ ਗਠਜੋੜ (NDA) ਦੇ ਸਹਿਯੋਗੀ ਦਲਾਂ ਦੀ ਬੈਠਕ ਬੁਲਾਈ ਹੈ। ਇਸ ਵਿੱਚ 38 ਪਾਰਟੀਆਂ ਹਿੱਸਾ ਲੈਣਗੀਆਂ। ਇਹ ਗਿਣਤੀ ਵਿਰੋਧੀ ਧਿਰ ਦੇ ਸਹਿਯੋਗੀਆਂ ਤੋਂ 12 ਵੱਧ ਹੈ।ਦੂਜੇ ਪਾਸੇ ਬੈਂਗਲੁਰੂ ਵਿੱਚ ਵਿਰੋਧੀ ਪਾਰਟੀਆਂ ਦੀ ਏਕਤਾ ਮੀਟਿੰਗ ਦਾ ਅੱਜ ਦੂਜਾ ਦਿਨ ਹੈ। ਇਸ ਵਿੱਚ 26 ਪਾਰਟੀਆਂ ਹਿੱਸਾ ਲੈ ਰਹੀਆਂ ਹਨ। ਐਨਡੀਏ ਦੀ ਮੀਟਿੰਗ ਨੂੰ ਵਿਰੋਧੀ ਏਕਤਾ ਦੇ ਸਾਹਮਣੇ ਤਾਕਤ ਦੇ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਹੈ। ਐਨਡੀਏ ਦੀਆਂ 38 ਪਾਰਟੀਆਂ ਵਿੱਚੋਂ 13 ਪਾਰਟੀਆਂ ਅਜਿਹੀਆਂ ਹਨ ਜਿਨ੍ਹਾਂ ਕੋਲ ਲੋਕ ਸਭਾ ਵਿੱਚ ਇੱਕ ਵੀ ਸੀਟ ਨਹੀਂ ਹੈ।ਸੋਮਵਾਰ ਨੂੰ ਹੋਈ ਬੈਠਕ ਦੀ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਪ੍ਰਧਾਨ ਜੇ.ਪੀ.ਨੱਡਾ ਨੇ ਯੂ.ਪੀ.ਏ. ਗਠਜੋੜ ਬਾਰੇ ਕਿਹਾ ਕਿ ਉਨ੍ਹਾਂ ਕੋਲ ਨਾ ਕੋਈ ਨੇਤਾ ਹੈ, ਨਾ ਕੋਈ ਇਰਾਦਾ, ਕੋਈ ਨੀਤੀ ਅਤੇ ਨਾ ਹੀ ਫੈਸਲੇ ਲੈਣ ਦੀ ਸ਼ਕਤੀ ਹੈ, ਇਹ ਭ੍ਰਿਸ਼ਟਾਚਾਰੀਆਂ ਅਤੇ ਘੁਟਾਲੇਬਾਜਾਂ ਦਾ ਟੋਲਾ ਹੈ।ਐੱਨ.ਡੀ.ਏ. ਦੀ ਇਹ ਬੈਠਕ ਸ਼ਾਮ 5 ਵਜੇ ਤੋਂ ਦਿੱਲੀ ਦੇ ਅਸ਼ੋਕਾ ਹੋਟਲ 'ਚ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ।