ਜ਼ਮੀਨ ਖਿਸਕਣ, ਬੱਦਲ ਫਟਣ, ਮਕਾਨ ਡਿੱਗਣ, ਅਤੇ ਅਸਮਾਨੀ ਬਿਜਲੀ ਡਿੱਗਣ ਕਾਰਨ 34 ਲੋਕਾਂ ਦੀ ਮੌਤ
ਉੱਤਰੀ ਰੇਲਵੇ ਨੇ ਕਈ ਟਰੇਨਾਂ ਕੀਤੀਆਂ ਰੱਦ,ਕਈਆਂ ਦੇ ਰੂਟ ਬਦਲੇ
ਨਵੀਂ ਦਿੱਲੀ, 10 ਜੁਲਾਈ, ਦੇਸ਼ ਕਲਿਕ ਬਿਊਰੋ :
ਉੱਤਰੀ ਅਤੇ ਪੱਛਮੀ ਭਾਰਤ ਵਿੱਚ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਹਿਮਾਚਲ ਪ੍ਰਦੇਸ਼ ਸਮੇਤ ਪਹਾੜੀ ਰਾਜਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ, ਬੱਦਲ ਫਟਣ, ਮਕਾਨ ਡਿੱਗਣ, ਦਰੱਖਤ ਡਿੱਗਣ ਅਤੇ ਬਿਜਲੀ ਡਿੱਗਣ ਕਾਰਨ 34 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ 11 ਮੌਤਾਂ ਹਿਮਾਚਲ ਵਿੱਚ ਹੋਈਆਂ ਹਨ। ਇਸ ਤੋਂ ਇਲਾਵਾ ਯੂਪੀ ਵਿੱਚ 8, ਉਤਰਾਖੰਡ ਵਿੱਚ 6, ਦਿੱਲੀ ਵਿੱਚ 3, ਜੰਮੂ-ਕਸ਼ਮੀਰ, ਹਰਿਆਣਾ ਅਤੇ ਪੰਜਾਬ ਵਿੱਚ ਦੋ-ਦੋ ਮੌਤਾਂ ਹੋਈਆਂ ਹਨ। ਹਿਮਾਚਲ ਦੇ ਮੰਡੀ 'ਚ ਬਿਆਸ ਦਰਿਆ 'ਚ 40 ਸਾਲ ਪੁਰਾਣਾ ਪੁਲ ਵਹਿ ਗਿਆ ਹੈ।ਦਿੱਲੀ ਵਿੱਚ 41 ਸਾਲਾਂ ਬਾਅਦ ਜੁਲਾਈ ਵਿੱਚ ਇੱਕ ਦਿਨ ਵਿੱਚ 153 ਮਿਲੀਮੀਟਰ ਮੀਂਹ ਪਿਆ ਹੈ। ਉੱਤਰੀ ਰੇਲਵੇ ਨੇ ਮੀਂਹ ਕਾਰਨ 17 ਟਰੇਨਾਂ ਰੱਦ ਕਰ ਦਿੱਤੀਆਂ ਹਨ। 12 ਟਰੇਨਾਂ ਦੇ ਰੂਟ ਬਦਲਣੇ ਪਏ।ਪਹਾੜੀ ਰਾਜਾਂ 'ਚ ਜ਼ਮੀਨ ਖਿਸਕਣ ਨਾਲ ਸੜਕਾਂ ਮਲਬੇ 'ਚ ਤਬਦੀਲ ਹੋ ਗਈਆਂ ਹਨ, ਜਦਕਿ ਰਾਜਧਾਨੀ ਦਿੱਲੀ ਸਮੇਤ ਮੈਦਾਨੀ ਸੂਬਿਆਂ 'ਚ ਸੜਕਾਂ ਪਾਣੀ 'ਚ ਡੁੱਬ ਗਈਆਂ ਹਨ। ਇਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਦਿੱਲੀ ਵਿੱਚ ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ।ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ, ਹਿਮਾਚਲ ਦੇ ਮੁੱਖ ਮੰਤਰੀਆਂ ਅਤੇ ਦਿੱਲੀ ਅਤੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲਾਂ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।