ਘਰ ਟੁੱਟਦਾ ਵੇਖ ਕੇ ਮਾਂ ਤੇ ਮਾਸੀ ਹੋਈਆਂ ਬੇਹੋਸ਼
ਭੋਪਾਲ, 5 ਜੁਲਾਈ, ਦੇਸ਼ ਕਲਿਕ ਬਿਊਰੋ :
ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲੇ 'ਚ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਇਕ ਆਦਿਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਦੇ ਮੁਲਜਮ ਭਾਜਪਾ ਵਰਕਰ ਪ੍ਰਵੇਸ਼ ਸ਼ੁਕਲਾ ਨੂੰ ਮੰਗਲਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ। ਉਸ 'ਤੇ ਐਨ.ਐਸ.ਏ. ਲਗਾਇਆ ਗਿਆ ਹੈ। ਪ੍ਰਵੇਸ਼ 'ਤੇ ਨਸ਼ੇ ਦੀ ਹਾਲਤ 'ਚ ਇਕ ਨੌਜਵਾਨ ਨਾਲ ਗਲਤ ਹਰਕਤ ਕਰਨ ਦਾ ਦੋਸ਼ ਹੈ। ਪ੍ਰਵੇਸ਼ ਦੇ ਘਰ ਨੂੰ ਢਾਹੁਣ ਲਈ ਸਰਕਾਰੀ ਅਮਲਾ ਬੁਲਡੋਜ਼ਰ ਅਤੇ ਜੇਸੀਬੀ ਲੈ ਕੇ ਪਹੁੰਚਿਆ ਹੋਇਆ ਹੈ। ਐਸਡੀਐਮ ਨੀਲਾਂਬਰ ਮਿਸ਼ਰਾ, ਪਟਵਾਰੀ ਅਤੇ 70 ਤੋਂ ਵੱਧ ਪੁਲੀਸ ਮੁਲਾਜ਼ਮ ਮੌਕੇ ’ਤੇ ਮੌਜੂਦ ਹਨ। ਜੇਸੀਬੀ ਦੇਖ ਕੇ ਮੁਲਜ਼ਮ ਪ੍ਰਵੇਸ਼ ਦੀ ਮਾਂ ਅਤੇ ਮਾਸੀ ਬੇਹੋਸ਼ ਹੋ ਗਈਆਂ। ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ। ਦੋਸ਼ੀ ਦੀ ਮਾਂ ਨੇ ਰੋਂਦੇ ਹੋਏ ਅਫਸਰਾਂ ਨੂੰ ਕਿਹਾ ਕਿ ਜੇ ਬੇਟੇ ਨੇ ਗਲਤ ਕੀਤਾ ਹੈ ਤਾਂ ਉਸਨੂੰ ਸਜ਼ਾ ਦਿਓ। ਮੇਰਾ ਘਰ ਨਾ ਢਾਹੋ ਇਹ ਘਰ ਮੈਂ ਬੜੀ ਮੁਸ਼ਕਲ ਨਾਲ ਬਣਾਇਆ ਹੈ। ਪਰ ਪ੍ਰਸ਼ਾਸਨ ਦੀ ਟੀਮ ਬੁਲਡੋਜ਼ਰ ਅਤੇ ਜੇਸੀਬੀ ਨਾਲ ਮਕਾਨ ਢਾਹੁਣ ਵਿੱਚ ਲੱਗੀ ਰਹੀ।ਸੀਹਾਵਲ ਦੇ ਐਸਡੀਐਮ ਆਰਪੀ ਤ੍ਰਿਪਾਠੀ ਦਾ ਕਹਿਣਾ ਹੈ ਕਿ ਮਕਾਨ ਵਿੱਚ ਕੀਤੀ ਗਈ ਉਸਾਰੀ ਦਾ ਇੱਕ ਤਿਹਾਈ ਹਿੱਸਾ ਗ਼ੈਰਕਾਨੂੰਨੀ ਹੈ, ਉਸ ਨੂੰ ਢਾਹਿਆ ਜਾ ਰਿਹਾ ਹੈ।