ਕੋਹੀਮਾ, 5 ਜੁਲਾਈ, ਦੇਸ਼ ਕਲਿਕ ਬਿਊਰੋ:
ਨਾਗਾਲੈਂਡ ਦੇ ਕੋਹਿਮਾ-ਦੀਮਾਪੁਰ ਹਾਈਵੇਅ 'ਤੇ ਜ਼ਮੀਨ ਖਿਸਕ ਗਈ। ਹਾਈਵੇਅ ਦੇ ਇੱਕ ਪਾਸੇ ਉੱਚੇ ਪਹਾੜਾਂ ਤੋਂ ਵੱਡੇ-ਵੱਡੇ ਪੱਥਰ ਡਿੱਗਣੇ ਸ਼ੁਰੂ ਹੋ ਗਏ, ਜਿਨ੍ਹਾਂ ਵਿੱਚੋਂ ਦੋ ਨੇ ਹਾਈਵੇਅ 'ਤੇ ਖੜ੍ਹੀਆਂ ਤਿੰਨ ਕਾਰਾਂ ਨੂੰ ਕੁਚਲ ਦਿੱਤਾ। ਪੱਥਰ ਇੰਨੀ ਰਫਤਾਰ ਨਾਲ ਡਿੱਗੇ ਕਿ ਕਾਰਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ।ਦੀਮਾਪੁਰ ਦੇ ਚੁਮੋਕੇਡਿਮਾ 'ਚ ਹੋਏ ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਸਾਰੀ ਘਟਨਾ ਕਾਰਾਂ ਦੇ ਪਿੱਛੇ ਖੜ੍ਹੀ ਕਾਰ ਦੇ ਡੈਸ਼ਬੋਰਡ ਕੈਮਰੇ 'ਚ ਕੈਦ ਹੋ ਗਈ, ਜਿਨ੍ਹਾਂ ਨੂੰ ਪੱਥਰਾਂ ਨਾਲ ਕੁਚਲ ਦਿੱਤਾ ਗਿਆ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਿਰਫ 5 ਸਕਿੰਟਾਂ 'ਚ ਇਕ ਤੋਂ ਬਾਅਦ ਇਕ ਤਿੰਨ ਕਾਰਾਂ 'ਤੇ ਦੋ ਵੱਡੇ ਪੱਥਰ ਡਿੱਗੇ।ਦੀਮਾਪੁਰ ਦੇ ਪੁਲਸ ਕਮਿਸ਼ਨਰ ਕੇਵੀਥੂਤੋ ਸੋਫੀ ਨੇ ਦੱਸਿਆ ਕਿ ਇਹ ਹਾਦਸਾ ਦੀਮਾਪੁਰ 'ਚ ਪੁਰਾਣੀ ਚੁਮੋਕੇਡਿਮਾ ਪੁਲਸ ਚੈਕਿੰਗ ਗੇਟ ਦੇ ਸਾਹਮਣੇ ਵਾਪਰਿਆ। ਹਾਦਸੇ ਵਿੱਚ ਚਾਰ ਵਾਹਨ ਨੁਕਸਾਨੇ ਗਏ। ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਅਤੇ ਦੀਮਾਪੁਰ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ। ਇਲਾਜ ਦੌਰਾਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ।