ਇੰਸ਼ੋਰੈਂਸ ਕੰਪਨੀ ਦੀ ਸਹਾਇਕ ਮੈਨੇਜਰ ਸਮੇਤ 4 ਲੋਕ ਜ਼ਿੰਦਾ ਜਲ਼ ਕੇ ਮਰੇ
ਅੱਗ ਬੁਝਾਉਣ ਲਈ ਫ਼ੌਜ ਬੁਲਾਉਣੀ ਪਈ,30 ਕਰੋੜ ਰੁਪਏ ਦਾ ਨੁਕਸਾਨ
ਲਖਨਊ,4 ਜੁਲਾਈ,ਦੇਸ਼ ਕਲਿਕ ਬਿਊਰੋ:
ਝਾਂਸੀ ਦੇ ਸਿਪਰੀ ਬਾਜ਼ਾਰ 'ਚ ਸੋਮਵਾਰ ਸ਼ਾਮ ਦੋ ਇਲੈਕਟ੍ਰਾਨਿਕ ਸ਼ੋਅਰੂਮਾਂ 'ਚ ਲੱਗੀ ਅੱਗ 10 ਘੰਟੇ ਤੱਕ ਬਲਦੀ ਰਹੀ। ਇਸ ਭਿਆਨਕ ਅੱਗ 'ਚ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਦੀ ਸਹਾਇਕ ਮੈਨੇਜਰ ਰਜਨੀ ਰਾਜਪੂਤ ਸਮੇਤ 4 ਲੋਕ ਜ਼ਿੰਦਾ ਜਲ਼ ਕੇ ਮਰ ਗਏ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਰਾਤ 2.30 ਵਜੇ ਤਲਾਸ਼ੀ ਮੁਹਿੰਮ ਚਲਾਈ ਗਈ। ਹਾਦਸੇ 'ਚ 7 ਲੋਕਾਂ ਨੂੰ ਬਚਾ ਲਿਆ ਗਿਆ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 3 ਨੌਜਵਾਨ ਲਾਪਤਾ ਦੱਸੇ ਜਾ ਰਹੇ ਹਨ।ਅੱਗ ਇੰਨੀ ਭਿਆਨਕ ਸੀ ਕਿ ਲਾਸ਼ਾਂ ਦੀ ਪਛਾਣ ਕਰਨੀ ਵੀ ਮੁਸ਼ਕਿਲ ਹੋ ਗਈ। ਦੇਰ ਰਾਤ ਤੱਕ ਤਿੰਨਾਂ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਸੀ। ਲਾਸ਼ਾਂ ਬੁਰੀ ਤਰ੍ਹਾਂ ਸੜੀਆਂ ਹੋਈਆਂ ਹਨ। ਡੀਐਮ ਰਵਿੰਦਰ ਕੁਮਾਰ ਨੇ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਐਸ.ਡੀ.ਐਮ ਮ੍ਰਿਤੁੰਜੇ ਪੂਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਪੇਸ਼ ਕਰਨਗੇ।ਦੋਵੇਂ ਸ਼ੋਅਰੂਮ ਮਾਲਕਾਂ ਨੇ ਅੱਗ ਲੱਗਣ ਕਾਰਨ ਕਰੀਬ 30 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ। ਇਸ ਅੱਗ ਨੂੰ ਬੁਝਾਉਣ ਲਈ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਰੀਬ 50 ਫਾਇਰ ਟੈਂਡਰ ਦੀ ਵਰਤੋਂ ਕੀਤੀ ਗਈ। ਇੰਨਾ ਹੀ ਨਹੀਂ ਅੱਗ 'ਤੇ ਕਾਬੂ ਨਾ ਪਾਇਆ ਜਾ ਸਕਿਆ ਤਾਂ ਪ੍ਰਸ਼ਾਸਨ ਵੱਲੋਂ ਫੌਜ ਬੁਲਾ ਲਈ ਗਈ।