ਮੁੰਬਈ, 1 ਜੁਲਾਈ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਬੁਲਢਾਨਾ 'ਚ ਸ਼ੁੱਕਰਵਾਰ ਦੇਰ ਰਾਤ ਇੱਕ ਬੱਸ ਹਾਦਸਾਗ੍ਰਸਤ ਹੋ ਗਈ। ਨਾਗਪੁਰ ਤੋਂ ਪੁਣੇ ਜਾ ਰਹੀ ਬੱਸ ਇਕ ਖੰਭੇ ਨਾਲ ਟਕਰਾ ਕੇ ਡਿਵਾਈਡਰ 'ਤੇ ਚੜ੍ਹ ਗਈ। ਜਿਸ ਤੋਂ ਬਾਅਦ ਬੱਸ ਪਲਟ ਗਈ।ਪਲਟਣ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਬੱਸ 'ਚ 32 ਲੋਕ ਸਵਾਰ ਸਨ। ਜਿਸ 'ਚ 25 ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੱਤ ਲੋਕਾਂ ਨੇ ਬੱਸ ਦੀ ਖਿੜਕੀ ਦੇ ਸ਼ੀਸ਼ੇ ਤੋੜ ਕੇ ਆਪਣੀ ਜਾਨ ਬਚਾਈ। ਇਹ ਹਾਦਸਾ ਬੁਲਢਾਨਾ ਜ਼ਿਲੇ ਦੇ ਸਿੰਦਖੇੜਾਜਾ ਨੇੜੇ ਪਿੰਪਲਖੁਟਾ ਪਿੰਡ ਨੇੜੇ ਸਮਰਿਧੀ ਹਾਈਵੇਅ 'ਤੇ ਵਾਪਰਿਆ।
ਚਸ਼ਮਦੀਦਾਂ ਮੁਤਾਬਕ ਬੱਸ ਸਭ ਤੋਂ ਪਹਿਲਾਂ ਨਾਗਪੁਰ ਤੋਂ ਔਰੰਗਾਬਾਦ ਦੇ ਰਸਤੇ 'ਤੇ ਸੱਜੇ ਪਾਸੇ ਲੋਹੇ ਦੇ ਖੰਭੇ ਨਾਲ ਟਕਰਾ ਗਈ। ਜਿਸ ਕਾਰਨ ਡਰਾਈਵਰ ਬੱਸ ਦਾ ਸੰਤੁਲਨ ਗੁਆ ਬੈਠਾ। ਬੱਸ ਸੜਕ ਦੇ ਵਿਚਕਾਰ ਕੰਕਰੀਟ ਦੇ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਬੱਸ ਖੱਬੇ ਪਾਸੇ ਪਲਟੀ। ਜਿਸ ਕਾਰਨ ਬੱਸ ਦਾ ਦਰਵਾਜ਼ਾ ਹੇਠਾਂ ਆ ਗਿਆ। ਅਜਿਹੇ 'ਚ ਲੋਕਾਂ ਕੋਲ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਸੀ।ਹਾਦਸੇ ਤੋਂ ਬਾਅਦ ਬੱਸ 'ਚੋਂ ਵੱਡੀ ਮਾਤਰਾ 'ਚ ਡੀਜ਼ਲ ਸੜਕ 'ਤੇ ਫੈਲ ਗਿਆ। ਡੀਜ਼ਲ ਫੈਲਣ ਕਾਰਨ ਬੱਸ ਨੂੰ ਅੱਗ ਲੱਗ ਗਈ। ਪੁਲਸ ਨੇ ਬੱਸ 'ਚੋਂ 25 ਲਾਸ਼ਾਂ ਨੂੰ ਬਾਹਰ ਕੱਢ ਲਿਆ ਹੈ। ਬੱਸ ਵਿੱਚੋਂ ਕੱਢੀਆਂ ਗਈਆਂ ਲਾਸ਼ਾਂ ਦੀ ਸ਼ਨਾਖਤ ਕਰਨੀ ਔਖੀ ਹੋ ਰਹੀ ਹੈ।