ਨਵੀਂ ਦਿੱਲੀ, 29 ਜੂਨ, ਦੇਸ਼ ਕਲਿਕ ਬਿਊਰੋ :
ਦੇਰ ਰਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਅਤੇ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਬੀਐਲ ਸੰਤੋਸ਼ ਨਾਲਮੀਟਿੰਗ ਕੀਤੀ। ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਿਵਾਸ 'ਤੇ ਹੋਈ ਇਸ ਬੈਠਕ 'ਚ ਸਰਕਾਰ ਅਤੇ ਸੰਗਠਨ 'ਚ ਵੱਡੇ ਫੇਰਬਦਲ 'ਤੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਚੋਣਾਂ ਵਾਲੇ ਰਾਜਾਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਤੇਲੰਗਾਨਾ ਵਿੱਚ ਵੱਡਾ ਬਦਲਾਅ ਹੋ ਸਕਦਾ ਹੈ।ਇਨ੍ਹਾਂ ਰਾਜਾਂ ਵਿੱਚੋਂ ਕੁਝ ਲੋਕਾਂ ਨੂੰ ਸਰਕਾਰ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਕੁਝ ਮੰਤਰੀਆਂ ਨੂੰ ਸੰਗਠਨ ਵਿੱਚ ਬਿਹਤਰ ਕੰਮਕਾਜ ਲਈ ਭੇਜਿਆ ਜਾ ਸਕਦਾ ਹੈ। ਜੁਲਾਈ ਦੇ ਦੂਜੇ ਹਫ਼ਤੇ ਤੋਂ ਬਾਅਦ ਹੋਣ ਵਾਲੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਇਹ ਤਬਦੀਲੀ ਅਮਲ ਵਿੱਚ ਆ ਸਕਦੀ ਹੈ। ਦਰਅਸਲ, ਇਸ ਮੀਟਿੰਗ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੇਪੀ ਨੱਡਾ, ਬੀਐਲ ਸੰਤੋਸ਼ ਅਤੇ ਆਰਐਸਐਸ ਦੇ ਇੱਕ ਚੋਟੀ ਦੇ ਆਗੂ ਅਰੁਣ ਕੁਮਾਰ ਨਾਲ ਘੱਟੋ-ਘੱਟ ਪੰਜ ਮੈਰਾਥਨ ਮੀਟਿੰਗਾਂ ਕੀਤੀਆਂ ਸਨ। 5,6 ਅਤੇ 7 ਜੂਨ ਨੂੰ ਇਨ੍ਹਾਂ ਸਿਖਰਲੇ ਆਗੂਆਂ ਨੇ ਪਾਰਟੀ ਵਿੱਚ ਬਦਲਾਅ ਕਰਨ ਲਈ ਭਾਜਪਾ ਹੈੱਡਕੁਆਰਟਰ ਵਿੱਚ ਲੰਬੀਆਂ ਮੀਟਿੰਗਾਂ ਕੀਤੀਆਂ ਸਨ। ਪ੍ਰਧਾਨ ਮੰਤਰੀ ਨਾਲ ਮੀਟਿੰਗ ਦੌਰਾਨ ਇਨ੍ਹਾਂ ਬਦਲਾਵਾਂ 'ਤੇ ਚਰਚਾ ਹੋਈ ਅਤੇ ਪ੍ਰਧਾਨ ਮੰਤਰੀ ਨੇ ਇਨ੍ਹਾਂ ਤਬਦੀਲੀਆਂ 'ਤੇ ਮੋਹਰ ਲਾਈ।