ਨਵੀਂ ਦਿੱਲੀ, 29 ਜੂਨ, ਦੇਸ਼ ਕਲਿਕ ਬਿਊਰੋ:
ਸੂਬੇ ਵਿੱਚ ਚੱਲ ਰਹੀ ਹਿੰਸਾ ਦਰਮਿਆਨ ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਮਣੀਪੁਰ ਲਈ ਰਵਾਨਾ ਹੋ ਗਏ ਹਨ। ਉਹ ਅੱਜ 29 ਅਤੇ 30 ਜੂਨ ਨੂੰ ਮਣੀਪੁਰ ਵਿੱਚ ਰਹਿਣਗੇ। ਮਨੀਪੁਰ ਕਾਂਗਰਸ ਦੇ ਪ੍ਰਧਾਨ ਓਕਰਮ ਇਬੋਬੀ ਸਿੰਘ ਨੇ ਕਿਹਾ ਕਿ ਰਾਹੁਲ ਇੰਫਾਲ ਅਤੇ ਚੂਰਾਚੰਦਪੁਰ ਦੇ ਕਈ ਰਾਹਤ ਕੈਂਪਾਂ ਦਾ ਦੌਰਾ ਕਰਨਗੇ। ਸਿਵਲ ਸੁਸਾਇਟੀ ਦੇ ਆਗੂਆਂ, ਸੀਨੀਅਰ ਸਿਟੀਜ਼ਨਾਂ ਅਤੇ ਕਈ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ।ਜਿਕਰਯੋਗ ਹੈ ਕਿ ਮਨੀਪੁਰ ਵਿੱਚ 3 ਮਈ ਤੋਂ ਕੁਕੀ ਅਤੇ ਮੇਤੇਈ ਭਾਈਚਾਰਿਆਂ ਦਰਮਿਆਨ ਹਿੰਸਾ ਚੱਲ ਰਹੀ ਹੈ। ਹਿੰਸਾ 'ਚ ਹੁਣ ਤੱਕ 131 ਲੋਕਾਂ ਦੀ ਮੌਤ ਹੋ ਚੁੱਕੀ ਹੈ।ਹਿੰਸਾ ਦੇ ਮੱਦੇਨਜ਼ਰ ਸੂਬੇ 'ਚ ਇੰਟਰਨੈੱਟ 'ਤੇ ਪਾਬੰਦੀ 30 ਜੂਨ ਤੱਕ ਵਧਾ ਦਿੱਤੀ ਗਈ ਹੈ। ਸਰਬ ਪਾਰਟੀ ਮੀਟਿੰਗ ਵਿੱਚ ਗ੍ਰਹਿ ਮੰਤਰਾਲੇ ਨੇ ਹਿੰਸਾ ਵਿੱਚ ਹੁਣ ਤੱਕ 131 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ 419 ਲੋਕ ਜ਼ਖਮੀ ਹੋਏ ਹਨ। ਅੱਗਜ਼ਨੀ ਦੀਆਂ 5 ਹਜ਼ਾਰ ਤੋਂ ਵੱਧ ਘਟਨਾਵਾਂ ਹੋ ਚੁੱਕੀਆਂ ਹਨ। ਛੇ ਹਜ਼ਾਰ ਕੇਸ ਦਰਜ ਕੀਤੇ ਗਏ ਹਨ ਅਤੇ 144 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਬੇ ਵਿੱਚ 36 ਹਜ਼ਾਰ ਸੁਰੱਖਿਆ ਮੁਲਾਜ਼ਮ ਅਤੇ 40 ਆਈਪੀਐਸ ਤਾਇਨਾਤ ਕੀਤੇ ਗਏ ਹਨ।