ਲਖਨਊ, 28 ਜੂਨ, ਦੇਸ਼ ਕਲਿਕ ਬਿਊਰੋ:
ਉੱਤਰ ਪ੍ਰਦੇਸ਼ 'ਚ ਸਹਾਰਨਪੁਰ ਦੇ ਦੇਵਬੰਦ ਇਲਾਕੇ 'ਚ ਭੀਮ ਆਰਮੀ ਚੀਫ ਚੰਦਰ ਸ਼ੇਖਰ ਆਜ਼ਾਦ 'ਤੇ ਜਾਨਲੇਵਾ ਹਮਲਾ ਹੋਇਆ ਹੈ। ਹਰਿਆਣਾ ਨੰਬਰ ਦੀ ਕਾਰ ਤੋਂ ਆਏ ਹਮਲਾਵਰਾਂ ਨੇ ਚੰਦਰਸ਼ੇਖਰ 'ਤੇ 4 ਰਾਊਂਡ ਫਾਇਰ ਕੀਤੇ। ਗੋਲੀ ਉਸ ਦੇ ਢਿੱਡ ਨੂੰ ਛੂਹ ਕੇ ਬਾਹਰ ਨਿਕਲੀ। ਗੋਲੀਬਾਰੀ ਵਿੱਚ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਸਪਤਾਲ ਦੇ ਬਾਹਰ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ ਅਤੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ 'ਚ ਜੁਟੀ ਹੈ।ਹਮਲੇ ਦੀ ਜਾਣਕਾਰੀ ਚੰਦਰਸ਼ੇਖਰ ਦੀ ਸਿਆਸੀ ਪਾਰਟੀ ਆਜ਼ਾਦ ਸਮਾਜ ਪਾਰਟੀ ਨੇ ਟਵੀਟ ਕਰਕੇ ਦਿੱਤੀ।ਉਨ੍ਹਾਂ ਨੇ ਲਿਖਿਆ ਕਿ ਦੇਵਬੰਦ 'ਚ ਰਾਸ਼ਟਰੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ 'ਤੇ ਜਾਨਲੇਵਾ ਹਮਲਾ ਹੋਇਆ ਹੈ। ਬਹੁਜਨ ਮਿਸ਼ਨ ਅੰਦੋਲਨ ਨੂੰ ਰੋਕਣ ਲਈ ਇਹ ਕਾਇਰਤਾ ਭਰੀ ਕਾਰਵਾਈ ਹੈ।ਉਨ੍ਹਾਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ, ਸਖਤ ਕਾਰਵਾਈ ਅਤੇ ਚੰਦਰਸ਼ੇਖਰ ਆਜ਼ਾਦ ਦੀ ਸੁਰੱਖਿਆ ਦੀ ਮੰਗ ਕੀਤੀ।ਜ਼ਿਕਰਯੋਗ ਹੈ ਕਿ ਚੰਦਰਸ਼ੇਖਰ ਭੀਮ ਆਰਮੀ ਦੇ ਸਹਿ-ਸੰਸਥਾਪਕ ਅਤੇ ਪ੍ਰਧਾਨ ਹਨ। ਉਹ ਇੱਕ ਅੰਬੇਡਕਰਵਾਦੀ ਕਾਰਕੁਨ ਅਤੇ ਵਕੀਲ ਹੈ। ਆਜ਼ਾਦ, ਸਤੀਸ਼ ਕੁਮਾਰ ਅਤੇ ਵਿਨੈ ਰਤਨ ਸਿੰਘ ਨੇ 2014 ਵਿੱਚ ਭੀਮ ਆਰਮੀ ਦੀ ਸਥਾਪਨਾ ਕੀਤੀ ਸੀ। ਇਹ ਸੰਸਥਾ ਸਿੱਖਿਆ ਰਾਹੀਂ ਭਾਰਤ ਵਿੱਚ ਦਲਿਤਾਂ ਦੀ ਮੁਕਤੀ ਲਈ ਕੰਮ ਕਰਦੀ ਹੈ।ਉਹ ਪੱਛਮੀ ਉੱਤਰ ਪ੍ਰਦੇਸ਼ ਵਿੱਚ ਦਲਿਤਾਂ ਲਈ ਮੁਫ਼ਤ ਸਕੂਲ ਚਲਾਉਂਦਾ ਹੈ।