ਭੋਪਾਲ,28 ਜੂਨ,ਦੇਸ਼ ਕਲਿਕ ਬਿਊਰੋ:
ਮੱਧ ਪ੍ਰਦੇਸ਼ ਦੇ ਦਤੀਆ ਵਿੱਚ ਇੱਕ ਮਿੰਨੀ ਟਰੱਕ ਨਦੀ ਵਿੱਚ ਡਿੱਗ ਗਿਆ। ਮਿੰਨੀ ਟਰੱਕ ਵਿੱਚ 50 ਦੇ ਕਰੀਬ ਮਜ਼ਦੂਰ ਸਵਾਰ ਸਨ। ਹਾਦਸੇ 'ਚ 12 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਪੰਜ ਜਣਿਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਨ੍ਹਾਂ ਵਿੱਚੋਂ 3 ਲਾਸ਼ਾਂ ਬੱਚਿਆਂ ਦੀਆਂ ਹਨ। ਬਾਕੀ ਲਾਪਤਾ ਹਨ। ਇਹ ਹਾਦਸਾ ਮੰਗਲਵਾਰ-ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ 3 ਵਜੇ ਦੁਰਸਾਡਾ ਥਾਣਾ ਅਧੀਨ ਪੈਂਦੇ ਪਿੰਡ ਬੁਹਾਰਾ 'ਚ ਵਾਪਰਿਆ। ਟਰੱਕ ਪੁਲ ਨੂੰ ਪਾਰ ਕਰ ਰਿਹਾ ਸੀ ਜਦੋਂ ਇਹ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ। NDRF ਅਤੇ SDRF ਦੇ 12 ਲੋਕਾਂ ਦੀ ਟੀਮ ਬਚਾਅ 'ਚ ਲੱਗੀ ਹੋਈ ਹੈ।ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਜ਼ਦੂਰ ਗਵਾਲੀਅਰ ਦੇ ਪਿੰਡ ਭਲੇਟੀ ਤੋਂ ਟਰੱਕ ਵਿੱਚ ਸਵਾਰ ਹੋ ਕੇ ਟੀਕਮਗੜ੍ਹ ਦੇ ਪਿੰਡ ਜਟਾਰਾ ਵਿੱਚ ਇੱਕ ਵਿਆਹ ਵਿੱਚ ਜਾ ਰਹੇ ਸਨ। ਬਰਾਮਦ ਹੋਈਆਂ ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲ ਦਾ ਨਿਰਮਾਣ ਚੱਲ ਰਿਹਾ ਹੈ। ਕਲੈਕਟਰ ਸੰਜੇ ਕੁਮਾਰ, ਐਸਪੀ ਪ੍ਰਦੀਪ ਮਿਸ਼ਰਾ, ਐਸਡੀਐਮ ਮੌਕੇ ’ਤੇ ਮੌਜੂਦ ਹਨ।