ਭੁਵਨੇਸ਼ਵਰ, 26 ਜੂਨ, ਦੇਸ਼ ਕਲਿਕ ਬਿਊਰੋ :
ਓਡੀਸ਼ਾ ਦੇ ਗੰਜਮ ਜ਼ਿਲ੍ਹੇ ਵਿੱਚ ਬੀਤੀ ਰਾਤ ਇੱਕ ਭਿਆਨਕ ਬੱਸ ਹਾਦਸਾ ਵਾਪਰ ਗਿਆ। ਇਸ 'ਚ 12 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 8 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਐਮਕੇਸੀਜੀ ਮੈਡੀਕਲ ਕਾਲਜ, ਬਰਹਮਪੁਰ ਵਿੱਚ ਦਾਖਲ ਕਰਵਾਇਆ ਗਿਆ ਹੈ। ਗੰਜਮ ਦੇ ਡੀਐਮ ਦਿਬਿਆ ਜੋਤੀ ਪਰੀਦਾ ਨੇ ਦੱਸਿਆ ਕਿ ਦੋ ਬੱਸਾਂ ਵਿਚਾਲੇ ਟੱਕਰ ਹੋ ਗਈ। ਇਸ ਹਾਦਸੇ 'ਚ 12 ਲੋਕਾਂ ਦੀ ਮੌਤ ਹੋ ਗਈ ਹੈ। ਅਸੀਂ ਜ਼ਖਮੀਆਂ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬੱਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਿੰਨ-ਤਿੰਨ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬਿਆਨ ਦੇ ਅਨੁਸਾਰ ਸੀਐਮ ਪਟਨਾਇਕ ਨੇ ਜ਼ਖਮੀਆਂ ਨੂੰ ਮੁਫਤ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਮੁੱਖ ਮੰਤਰੀ ਨੇ ਵਿੱਤ ਮੰਤਰੀ ਵਿਕਰਮ ਅਰੁਖ ਅਤੇ ਗੰਜਮ ਡੀਪੀਸੀਸੀ ਦੇ ਪ੍ਰਧਾਨ ਅਤੇ ਵਿਧਾਇਕ ਵਿਕਰਮ ਪਾਂਡਾ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਪੀੜਤਾਂ ਦੀ ਮਦਦ ਕਰਨ ਦੇ ਨਿਰਦੇਸ਼ ਦਿੱਤੇ।