ਲਖਨਊ, 24 ਜੂਨ, ਦੇਸ਼ ਕਲਿੱਕ ਬਿਓਰੋ :
ਉੱਤਰ ਪ੍ਰਦੇਸ਼ ਪੁਲਿਸ ਅਤੇ ਪ੍ਰਮੋਸ਼ਨ ਬੋਰਡ ਨੇ ਹੁਸੈਨਗੰਜ ਥਾਣੇ ’ਚ ਸ਼ਿਕਾਇਤ ਦੇ ਕੇ ਦੋ ਕਾਂਸਟੇਬਲਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਦੋਸ਼ ਹੈ ਕਿ ਦੋਵਾਂ ਨੇ ਜਾਅਲੀ ਜਾਤੀ ਸਰਟੀਫਿਕੇਟ ਦੀ ਮਦਦ ਨਾਲ ਭਰਤੀ ਪ੍ਰੀਖਿਆ 2018 ਵਿੱਚ ਨੌਕਰੀ ਹਾਸਲ ਕੀਤੀ ਸੀ। ਉਨ੍ਹਾਂ ਨੂੰ ਪੋਸਟਿੰਗ ਵੀ ਮਿਲ ਗਈ ਹੈ।
ਖੇਤਰ ਅਧਿਕਾਰੀ ਸਈਅਦ ਮੁਹੰਮਦ ਅਸਗਰ ਦੀ ਸ਼ਿਕਾਇਤ ਅਨੁਸਾਰ ਜਾਅਲੀ ਜਾਤੀ ਸਰਟੀਫਿਕੇਟ ਲਗਾ ਕੇ ਨੌਕਰੀ ਲੈਣ ਵਾਲੇ ਕਾਂਸਟੇਬਲਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਗਈ ਹੈ।
ਜਾਣਕਾਰੀ ਅਨੁਸਾਰ ਸਾਲ 2018 ਵਿੱਚ ਹੋਈ ਪੁਲੀਸ ਭਰਤੀ ਪ੍ਰੀਖਿਆ ਵਿੱਚ ਅਮਨ ਕੁਮਾਰ ਵਾਸੀ ਚਕੇਰੀ, ਕਾਨਪੁਰ ਨਗਰ ਅਤੇ ਅਮਿਤ ਕੁਮਾਰ ਵਾਸੀ ਨਿਊ ਆਜ਼ਾਦ ਨਗਰ ਨੇ ਲਿਖਤੀ ਅਤੇ ਸਰੀਰਕ ਪ੍ਰੀਖਿਆ ਪਾਸ ਕੀਤੀ ਸੀ। ਅਮਨ ਨੇ ਕੌਸ਼ੰਬੀ ਵਿਖੇ ਡਿਊਟੀ ਜੁਆਇਨ ਕਰ ਲਈ, ਜਦਕਿ ਅਮਿਤ ਕੁਮਾਰ ਨੇ 37ਵੀਂ ਕੋਰ ਕਾਨਪੁਰ ਪੀਏਸੀ ਵਿਖੇ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ।
ਇਸ ਸਬੰਧੀ ਨਰਿੰਦਰ ਕੁਮਾਰ ਉਰਫ਼ ਬਾਬਾ ਨਾਂ ਦੇ ਨੌਜਵਾਨ ਨੇ ਭਰਤੀ ਬੋਰਡ ਨੂੰ ਸ਼ਿਕਾਇਤ ਪੱਤਰ ਭੇਜਿਆ ਸੀ। ਇਸ ’ਚ ਅਮਿਤ ਅਤੇ ਅਮਨ ’ਤੇ ਜਾਅਲੀ ਜਾਤੀ ਸਰਟੀਫਿਕੇਟ ਦੇ ਆਧਾਰ ’ਤੇ ਨੌਕਰੀ ਪ੍ਰਾਪਤ ਕਰਨ ਦਾ ਦੋਸ਼ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਰੈਵੀਨਿਊ ਇੰਸਪੈਕਟਰ ਅਤੇ ਲੇਖਾਕਾਰ ਨੇ ਦੋਵੇਂ ਫਰਜ਼ੀ ਹੋਣ ਦੀ ਪੁਸ਼ਟੀ ਕੀਤੀ। ਹੁਸੈਨਗੰਜ ਪੁਲਿਸ ਇਸ ਮਾਮਲੇ ’ਚ ਦਰਜ ਕਰਵਾਈ ਗਈ ਰਿਪੋਰਟ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ।