ਲਖਨਊ, 23 ਜੂਨ, ਦੇਸ਼ ਕਲਿਕ ਬਿਊਰੋ :
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਰਦੋਈ-ਸ਼ਾਹਜਹਾਂਪੁਰ ਹਾਈਵੇਅ 'ਤੇ ਸਹਿਰਾਮਾਊ ਦੱਖਣੀ ਥਾਣਾ ਖੇਤਰ ਦੇ ਦਿਲਾਵਰਪੁਰ ਪਿੰਡ ਨੇੜੇ ਅੱਜ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਇਕ ਅਣਪਛਾਤੇ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਬਾਈਕ ਸਵਾਰ ਪਤੀ-ਪਤਨੀ ਸਮੇਤ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਬੱਚੀ ਜ਼ਖਮੀ ਹੋ ਗਈ। ਇਹ ਸਾਰੇ ਇੱਕ ਹੀ ਬਾਈਕ 'ਤੇ ਸਵਾਰ ਸਨ ਤੇ ਹਰਦੋਈ ਦੇ ਸ਼ਾਹਬਾਦ ਤੋਂ ਘਰ ਪਰਤ ਰਹੇ ਸਨ।ਜੈਤੀਪੁਰ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸਲੇਮਪੁਰ ਦੇ ਰਹਿਣ ਵਾਲੇ ਰਘੁਵੀਰ (28), ਪਤਨੀ ਜੋਤੀ (25), ਪੁੱਤਰ ਕ੍ਰਿਸ਼ਨਾ (5) ਅਤੇ ਅਭੀ (3), ਸਾਲੀ ਜੂਲੀ (35) ਅਤੇ ਉਸ ਦੀ ਬੇਟੀ ਆਰਾਧਿਆ (4) ਦੇ ਨਾਲ ਸ਼ਿਆਮ ਸਿੰਘ ਵਾਸੀ ਦਲੇਲਨਗਰ, ਸ਼ਾਹਬਾਦ ਦੀ ਬੇਟੀ ਦੇ ਵਿਆਹ ‘ਚ ਸ਼ਾਮਲ ਹੋਣ ਗਏ ਸਨ।ਅੱਜ ਸ਼ੁੱਕਰਵਾਰ ਸਵੇਰੇ ਸਾਰੇ ਲੋਕ ਇਕ ਹੀ ਬਾਈਕ 'ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ। ਇਸੇ ਦੌਰਾਨ ਸਹਿਰਾਮਾਊ ਦੱਖਣੀ ਇਲਾਕੇ ਵਿੱਚ ਕਿਸੇ ਅਣਪਛਾਤੇ ਵਾਹਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ।ਹਾਦਸੇ 'ਚ ਰਘੁਵੀਰ, ਜੋਤੀ, ਕ੍ਰਿਸ਼ਨਾ, ਅਭੀ ਅਤੇ ਜੂਲੀ ਦੀ ਮੌਤ ਹੋ ਗਈ, ਜਦਕਿ ਜੂਲੀ ਦੀ ਬੇਟੀ ਆਰਾਧਿਆ ਜ਼ਖਮੀ ਹੋ ਗਈ। ਪਿੰਡ ਵਾਸੀਆਂ ਨੇ ਹਾਦਸੇ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਕੋਲੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ 'ਤੇ ਮ੍ਰਿਤਕਾਂ ਦੀ ਪਛਾਣ ਕੀਤੀ।