ਮੁੰਬਈ, 19 ਜੂਨ, ਦੇਸ਼ ਕਲਿਕ ਬਿਊਰੋ :
ਮਹਾਰਾਸ਼ਟਰ ਦੇ ਨਾਗਪੁਰ ਵਿੱਚ ਐਤਵਾਰ ਰਾਤ ਨੂੰ ਇੱਕ ਕਾਰ ਵਿੱਚ ਦਮ ਘੁੱਟਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਤਿੰਨੇ ਬੱਚੇ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸਨ।ਪੁਲਿਸ ਨੂੰ ਜਾਂਚ ਦੌਰਾਨ ਉਨ੍ਹਾਂ ਦੀਆਂ ਲਾਸ਼ਾਂ ਘਰ ਤੋਂ 50 ਮੀਟਰ ਦੂਰ ਇੱਕ SUV ਕਾਰ ਵਿੱਚੋਂ ਮਿਲੀਆਂ। ਪੁਲਿਸ ਮੁਤਾਬਕ ਫਾਰੂਕ ਨਗਰ 'ਚ ਰਹਿਣ ਵਾਲੇ ਤਿੰਨ ਬੱਚੇ ਤੌਫੀਕ ਫਿਰੋਜ਼ ਖਾਨ (4), ਆਲੀਆ ਫਿਰੋਜ਼ ਖਾਨ (6) ਅਤੇ ਅਫਰੀਨ ਇਰਸ਼ਾਦ ਖਾਨ(6)ਸ਼ਨੀਵਾਰ ਦੁਪਹਿਰ ਨੂੰ ਘਰ ਤੋਂ ਖੇਡਣ ਲਈ ਨਿਕਲੇ ਸਨ। ਜਦੋਂ ਉਹ ਸ਼ਾਮ ਤੱਕ ਘਰ ਨਹੀਂ ਪਰਤੇ ਤਾਂ ਮਾਪਿਆਂ ਨੇ ਪੁਲੀਸ ਨਾਲ ਸੰਪਰਕ ਕਰਕੇ ਅਗਵਾ ਦੀ ਰਿਪੋਰਟ ਦਰਜ ਕਰਵਾਈ।ਪਚਪੋਲੀ ਥਾਣੇ ਦੀ ਪੁਲਸ ਨੇ ਬੱਚਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ।ਇੱਕ ਕਾਂਸਟੇਬਲ ਦੀ ਨਜ਼ਰ ਘਰ ਤੋਂ ਕੁਝ ਦੂਰ ਖੜੀ ਇੱਕ SUV ‘ਤੇ ਪਈ। ਜਿਸ ਦੇ ਅੰਦਰ ਤਿੰਨ ਬੱਚੇ ਲੇਟੇ ਹੋਏ ਪਾਏ ਗਏ। ਜਦੋਂ ਪੁਲਿਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਬੱਚੇ ਮਰ ਚੁੱਕੇ ਸਨ।ਨਾਗਪੁਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਦੱਸਿਆ ਕਿ ਖੇਡਦੇ ਹੋਏ ਬੱਚਿਆਂ ਨੇ ਕਾਰ ਦਾ ਦਰਵਾਜ਼ਾ ਅੰਦਰੋਂ ਲੌਕ ਕਰ ਦਿੱਤਾ। ਫਿਰ ਉਹ ਦਰਵਾਜ਼ੇ ਖੋਲ੍ਹ ਨਾ ਸਕੇ। ਗਰਮੀ ਅਤੇ ਦਮ ਘੁਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਤੌਫੀਕ ਅਤੇ ਆਲੀਆ ਭੈਣ-ਭਰਾ ਹਨ, ਜਦੋਂ ਕਿ ਆਫਰੀਨ ਨੇੜੇ ਹੀ ਰਹਿੰਦੀ ਸੀ।