ਅੱਜ ਸ਼ਾਮ ਕੱਛ ਦੇ ਜਖਾਊ 'ਚ ਜ਼ਮੀਨ ਨਾਲ ਟਕਰਾਉਣ ਦੀ ਸੰਭਾਵਨਾ
ਮੌਸਮ ਵਿਭਾਗ ਨੇ ਦਿੱਤੀ ਭਾਰੀ ਤਬਾਹੀ ਦੀ ਚਿਤਾਵਨੀ
ਨਵੀਂ ਦਿੱਲੀ, 15 ਜੂਨ, ਦੇਸ਼ ਕਲਿਕ ਬਿਊਰੋ :
ਗੁਜਰਾਤ ਦੇ ਤੱਟਾਂ ਵੱਲ ਵਧ ਰਹੇ ਚੱਕਰਵਾਤੀ ਤੂਫ਼ਾਨ ਬਿਪਰਜੋਏ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ। ਅੱਜ ਸ਼ਾਮ 4 ਤੋਂ 8 ਵਜੇ ਦਰਮਿਆਨ ਕੱਛ ਦੇ ਜਖਾਊ 'ਚ ਜ਼ਮੀਨ ਨਾਲ ਟਕਰਾਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਸ ਕਾਰਨ ਭਾਰੀ ਤਬਾਹੀ ਦੀ ਚਿਤਾਵਨੀ ਦਿੱਤੀ ਹੈ। ਗੁਜਰਾਤ ਦੇ ਰਾਹਤ ਕਮਿਸ਼ਨਰ ਆਲੋਕ ਪਾਂਡੇ ਨੇ ਕਿਹਾ ਕਿ ਤੱਟੀ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਬੁੱਧਵਾਰ ਸਵੇਰ ਤੱਕ ਪੂਰੀ ਕਰ ਲਈ ਗਈ ਸੀ। 74,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਅੱਠ ਤੱਟਵਰਤੀ ਜ਼ਿਲ੍ਹਿਆਂ ਵਿੱਚ ਕੁੱਲ 74,345 ਲੋਕਾਂ ਨੂੰ ਅਸਥਾਈ ਪਨਾਹਗਾਹਾਂ ਵਿੱਚ ਲਿਜਾਇਆ ਗਿਆ। ਇਕੱਲੇ ਕੱਛ ਜ਼ਿਲ੍ਹੇ 'ਚ ਕਰੀਬ 34,300 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।ਇਸ ਤੋਂ ਬਾਅਦ ਜਾਮਨਗਰ 'ਚ 10,000, ਮੋਰਬੀ 'ਚ 9,243, ਰਾਜਕੋਟ 'ਚ 6,089, ਦੇਵਭੂਮੀ ਦਵਾਰਕਾ 'ਚ 5,035, ਜੂਨਾਗੜ੍ਹ 'ਚ 4,604, ਪੋਰਬੰਦਰ 'ਚ 3,469 ਅਤੇ ਗਿਰ ਸੋਮਨਾਥ 'ਚ 1,605 ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾ ਦਿੱਤਾ ਗਿਆ ਹੈ।ਪਾਕਿਸਤਾਨ ਵਿੱਚ ਵੀ ਚੱਕਰਵਾਤ ਬਿਪਰਜਾਏ ਦਾ ਲਗਾਤਾਰ ਡਰ ਬਣਿਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤ ਬਿਪਰਜੋਏ ਅੱਜ ਸਿੰਧ ਦੇ ਕੇਟੀ ਬੰਦਰ ਨਾਲ ਟਕਰਾਏਗਾ।