ਸਰਕਾਰ ਵੱਲੋਂ IAS ਤੇ IPS ਅਧਿਕਾਰੀ ਸਮੇਤ 5 ਮੁਅੱਤਲ
ਅਜਮੇਰ, 14 ਜੂਨ, ਦੇਸ਼ ਕਲਿੱਕ ਬਿਓਰੋ :
ਰਾਜਸਥਾਨ ਵਿੱਚ ਆਈਏਐਸ ਅਤੇ ਆਈਪੀਐਸ ਵੱਲੋਂ ਹੋਟਲ ਸਟਾਫ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹਾ ਅਜਮੇਰ ਵਿੱਚ ਇਕ ਹੋਟਲ ਕਰਮਚਾਰੀ ਨੂੰ ਕਥਿਤ ਤੌਰ ਉਤੇ ਕੁੱਟਣ ਦੇ ਦੋਸ਼ ਵਿੱਚ ਇਕ ਆਈਏਐਸ ਅਤੇ ਆਈਪੀਐਸ ਅਧਿਕਾਰੀ ਸਮੇਤ ਪੰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਅਜਮੇਰ ਵਿਕਾਸ ਅਥਾਰਿਟੀ ਕਮਿਸ਼ਨਰ ਗਿਰਿਧਰ, ਪੁਲਿਸ ਅਧਿਕਾਰੀ ਸੁਸ਼ੀਲ ਕੁਮਾਰ ਬਿਸ਼ਨੋਈ, ਪਟਵਾਰੀ ਨਰਿੰਦਰ ਸਿੰਘ ਦਹੀਆ, ਕਾਂਸਟੇਬਲ ਮੁਕੇਸ਼ ਕੁਮਾਰ ਅਤੇ ਐਲਡੀਸੀ ਹਨੂਮਾਨ ਪ੍ਰਸਾਦ ਚੌਧਰੀ ਸ਼ਾਮਲ ਹਨ। ਇਸ ਮਾਮਲੇ ਦੀ ਜਾਂਚ ਏਡੀਜੀ ਵਿਜੀਲੈਂਸ ਨੂੰ ਸੌਂਪੀ ਗਈ ਹੈ।
ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਗਈ, ਜਿਸ ਵਿੱਚ ਕੁਝ ਲੋਕ ਹੋਟਲ ਦੇ ਕਰਮਚਾਰੀਆਂ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਕਥਿਤ ਘਟਨਾ 11 ਜੂਨ ਦੀ ਰਾਤ ਨੂੰ ਵਾਪਰੀ ਹੈ। ਜਿਸ ਤੋਂ ਬਾਅਦ ਜਾਂਚ ਇਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਸੌਂਪੀ ਗਈ। ਹੋਟਲ ਪ੍ਰਬੰਧਕਾਂ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਇਕ ਆਈਪੀਐਸ ਅਧਿਕਾਰੀ ਨੇ ਤਿੰਨ ਚਾਰ ਪੁਲਿਸ ਕਰਮਚਾਰੀਆਂ ਨਾਲ ਸੋਮਵਾਰ ਦੇਰ ਰਾਤ ਹੋਟਲ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ। ਜ਼ਿਲ੍ਹੇ ਦੇ ਗੇਗਲ ਥਾਣਾ ਵਿੱਚ ਪੰਜ ਅਣਪਛਾਤੇ ਵਿਅਕਤੀਆਂ ਖਿਲਾਫ ਹੋਟਲ ਕਰਮਚਾਰੀਆਂ ਨਾਲ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਡੀਜੀਪੀ ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਏਡੀਜੀ ਵਿਜੀਲੈਂਸ ਨੂੰ ਸੌਂਪੀ ਗਈ ਹੈ।