--ਜਗਮੇਲ ਸਿੰਘ
ਪਹਿਲਵਾਨਾਂ ਦੀ ਸਰਕਾਰ ਨਾਲ ਗੱਲ ਹੋਈ।ਸਰਕਾਰ ਪਹਿਲਾਂ ਸਿਆਸੀ ਤਿਕੜਮਾਂ ਖੇਡਦੀ ਰਹੀ।ਪਹਿਲਵਾਨਾਂ ਨੂੰ ਗਲਤ ਸਿੱਧ ਕਰਨ ਲਈ।ਹੰਭਾਉਣ ਤੇ ਜਰਕਾਉਣ ਲਈ।ਮੌਕਾ ਭਾਲਦੀ ਰਹੀ,ਧਰਨੇ 'ਤੇ ਝਪਟਣ ਲਈ। ਰਾਜ ਸੱਤਾ ਦਾ ਪੱਕਾ ਸੁਭਾਅ।ਨਾ ਸਿਰਫ਼ ਕਹਿਣ ਵਿੱਚ, ਵਿਵਹਾਰ ਵਿੱਚ ਵੀ।ਏਕਾ ਕਰਨ ਵਾਲੇ ਦੁਸ਼ਮਣ।ਘੋਲ ਕਰਨ ਵਾਲੇ ਪਰਜੀਵੀ। ਗੱਲ ਨਾ ਸੁਣਨੀ,ਨਾ ਕਹਿਣੀ। ਹਕੂਮਤੀ ਛਟੀ ਵਾਹੁਣੀ।ਇਹ ਸਰਕਾਰ ਵੱਧ ਵਫ਼ਾਦਾਰ।ਆਹ ਕੁੜੀਆਂ ਨਾਲ ਇਹੀ ਕੀਤਾ।ਬੂਟਾਂ ਨਾਲ ਦਰੜਿਆ, ਘੜੀਸਿਆ, ਗਾਲ਼ਾਂ ਕੱਢੀਆਂ ਤੇ ਸੰਗੀਨ ਜੁਰਮਾਂ ਤਹਿਤ ਪਰਚੇ ਪਾਏ।ਹਾਕਮਾਂ ਦਾ ਇਹ ਵੀ ਇੱਕ ਤਰੀਕਾ। ਹਕੂਮਤੀ ਤਾਕਤ ਦਾ ਛੱਪਾ ਪਾਈ ਰੱਖਣ ਦਾ। ਲੋਕਾਂ ਨੂੰ ਵਿਚਾਰੇ ਬਣਾ ਕੇ ਰੱਖਣ ਦਾ।ਹਾਕਮ ਪੱਖੀ ਨੀਤੀਆਂ ਕਨੂੰਨ ਸੌਖ ਨਾਲ ਲਾਗੂ ਕਰਨ ਦਾ।ਮਨ ਆਈਆਂ ਕਰਨ ਦਾ।
ਹਾਕਮ ਗੱਲਬਾਤ ਤੋਂ ਲੱਖ ਟਲਣ, ਘੋਲ ਦਾ ਦਬਾਅ ਟਲਣ ਨਹੀਂ ਦਿੰਦਾ।ਨੰਗੇ ਚਿੱਟੇ ਜ਼ਬਰ ਨੇ ਘੋਲ ਦਾ ਵਜ਼ਨ ਵਧਾਇਆ। ਵਿਸ਼ਾਲ ਲੋਕਾਈ ਹਮਾਇਤ 'ਚ ਆਈ।ਸਰਕਾਰ ਦੀ ਥੂ ਥੂ ਹੋਈ।ਦੇਸ਼ਾਂ ਵਿਦੇਸ਼ਾਂ ਤੋਂ ਫਿੱਟ ਲਾਹਨਤਾਂ ਮਿਲੀਆਂ।ਹਕੂਮਤੀ ਗਰੂਰ ਟੁੱਟਿਆ। ਗੱਲਬਾਤ ਦੀ ਮੇਜ਼ 'ਤੇ ਆਉਣਾ ਪਿਆ।
" ਗੱਲਬਾਤ ਮਸਲੇ ਦਾ ਹੱਲ ਕਰਦੀ ਹੈ।" ਗੱਲਬਾਤ ਦਾ ਸਿੱਟਾ ਕੁਝ ਵੀ ਨਿਕਲੇ, ਨਿਕਲੂ ਆਗੂ ਟੀਮ ਵੱਲੋਂ ਭਿੜਣ ਵਿਚੋਂ। ਘੋਲ ਦੇ ਬਣੇ ਜ਼ੋਰ ਦੀ ਵਰਤੋਂ ਕੀਤੇ ਜਾਣ ਵਿਚੋਂ।ਗੱਲਬਾਤ ਨੂੰ ਵੀ ਘੋਲ ਦੀ ਇੱਕ ਸ਼ਕਲ ਵਜੋਂ ਲਏ ਜਾਣ ਵਿਚੋਂ।ਸੜਕ 'ਤੇ ਚੱਲ ਰਿਹਾ ਧਰਨਾ ਤੇ ਦਫ਼ਤਰ ਵਿੱਚ ਹੋ ਰਹੀ ਗੱਲਬਾਤ, ਇੱਕ ਘੋਲ ਦੀਆਂ ਦੋ ਸ਼ਕਲਾਂ ਨੇ।ਇਥੇ ਵੀ ਤਾਕਤਾਂ ਦਾ ਭੇੜ ਹੁੰਦਾ।ਆਪੋ ਆਪਣੀ ਮਨਾਉਣ ਲਈ।
ਇਥੇ ਤਾਕਤਾਂ ਦਾ ਤੋਲ ਜੱਗ ਜ਼ਾਹਰ ਹੈ।ਰਾਜ ਸੱਤਾ ਦੇ ਸਾਰੇ ਅੰਗ ਸਮੇਤ ਸਰਕਾਰੀ ਮੀਡੀਆ ਇੱਕ ਪਾਸੇ। ਦੂਜੇ ਪਾਸੇ ਪੀੜਿਤ ਪਹਿਲਵਾਨ ਕੁੜੀਆਂ ਤੇ ਹਮਾਇਤੀ ਲੋਕ।ਇਹ ਤੋਲ ਅਣਸਾਵਾਂ।ਚੱਲੀ ਗੱਲਬਾਤ ਨੇ ਘੁੰਡ ਚੱਕ ਹੈ। ਘੋਲ ਦੇ ਜ਼ੋਰ ਗੱਲ ਹੋਈ ਆ।ਘੋਲ ਦਾ ਜ਼ੋਰ ਹੀ ਸਫ਼ਲਤਾ ਦਿਵਾਊ। ਘੋਲ 'ਤੇ ਟੇਕ ਜ਼ਰੂਰੀ ਹੈ। ਕੁੜੀਆਂ ਵੱਲੋਂ ਆ ਰਹੇ ਬਿਆਨ,ਚੰਗੇ ਸੰਕੇਤ ਹਨ। ਸਰਕਾਰ ਨੂੰ ਕੰਧ 'ਤੇ ਲਿਖਿਆ ਪੜਨਾ ਚਾਹੀਦਾ।
ਘੋਲ ਦੇ ਮੈਦਾਨ ਵਿੱਚ ਕੋਈ ਐਵੇਂ ਨੀਂ ਆਉਂਦਾ। ਪਾਣੀ ਸਿਰ ਤੋਂ ਦੀ ਲੰਘ ਚੁੱਕਿਆ ਹੁੰਦਾ।ਸਬਰ ਦਾ ਬੰਨ੍ਹ ਟੁੱਟ ਗਿਆ ਹੁੰਦਾ।ਸਰਕਾਰਾਂ ਦਾ ਹਠੀ ਤੇ ਜਾਬਰ ਰੱਵਈਆ ਵੀ ਮਜਬੂਰ ਕਰਦਾ।ਜਦ ਸੁਣਨ ਵਾਲਾ ਸੁਣੇ ਨਾ, ਘੋਲ ਦੇ ਮੈਦਾਨ ਵਿੱਚ ਉੱਤਰਨਾ ਪੈਂਦਾ।ਘੋਲ ਬਿਨਾਂ ਮਸਲਾ ਹੱਲ ਹੁੰਦਾ ਦੀਂਹਦਾ ਨਹੀਂ ਹੁੰਦਾ। ਪਹਿਲਵਾਨ ਕੁੜੀਆਂ ਦਾ ਘੋਲ ਸਾਹਮਣੇ ਹੈ।ਇਹਨਾਂ ਦੀ ਹਮਾਇਤ ਦਾ ਘੇਰਾ ਵੱਡਾ। ਖੁੱਲ੍ਹਾ ਤੇ ਬਹੁਰੰਗਾ ਵੀ।
ਘੋਲ ਖੁਦ ਉੱਚ ਪਾਏ ਦਾ ਸਕੂਲ ਹੁੰਦੈ। ਘੋਲ, ਲੜਣ ਤੇ ਜਿੱਤਣ ਦੀ ਸਿਖਿਆ ਵਿੱਚ ਹਿੱਸਾ ਪਾਉਂਦੈ।ਆਪਣੇ ਪਰਾਏ ਦੀ ਪਛਾਣ ਸਾਫ਼ ਦਿਖਣ ਲਾ ਦਿੰਦੈ।ਰਾਜ ਤੇ ਉਹਦੇ ਸਾਰੇ ਅੰਗਾਂ ਨੂੰ ਪਰਾਈ ਪਾਲ ਵਿਚ ਖੜੇ ਦਿਖਾ ਦਿੰਦੈ।ਆਪਦੀ ਤੇ ਵਿਰੋਧੀ ਦੀ ਹਾਲਤ, ਤਾਕਤ ਦੇ ਦਰਸ਼ਨ ਕਰਵਾ ਦਿੰਦੈ। ਕੀਹਤੋ ਮਦਦ ਲੈਣੀ ਆ,ਕਿਸ ਸ਼ਕਲ ਵਿਚ ਲੈਣੀ ਆ, ਵਿੱਚ ਮਦਦ ਕਰਦਾ।ਕੀਹਦੇ ਨਾਲ ਰਲ ਟੀਮ ਬਣਾਉਣੀ ਆ ਤੇ ਕੀਹਨੂੰ ਨਿਖੇੜਨਾ, ਦਾ ਰਾਹ ਦਿੰਦੈ।
ਇਥੇ ਇੱਕ ਘੋਲ ਦਾ ਤਜਰਬਾ ਹਾਜ਼ਰ ਹੈ।ਕੇਸ,ਵੱਖਰਿਆਂ ਹੋ ਕੇ ਵੀ ਮਿਲਦਾ ਜੁਲਦਾ। ਇਥੇ ਸਰਕਾਰ ਨਾਲ ਗੱਲਬਾਤ ਨਹੀਂ ਹੋਈ, ਘੋਲ ਹੀ ਹੋਇਆ। ਗੱਲ ਦੋ ਹਜ਼ਾਰ ਬਾਰਾਂ ਦੀ ਆ।ਫਰੀਦਕੋਟ ਦੀ,ਨਾਬਾਲਗ ਲੜਕੀ ਅਗਵਾ ਵਿਰੋਧੀ ਘੋਲ ਦੀ।
ਗੁੰਡਾ,ਅਮੀਰ ਘਰੋਂ।ਮਾਪਿਆਂ ਦਾ ਇੱਕੋ ਇੱਕ,ਵਿਗੜਿਆ ਕਾਕਾ। ਠਾਣੇ ਕਚਹਿਰੀਆਂ ਵਿੱਚ ਪਹੁੰਚ।22 ਕੇਸ ਦਰਜ,ਹਵਾ ਵੱਲ ਕੋਈ ਨਾ ਝਾਕੇ।ਮਗਰ ਗੁੰਡਿਆਂ ਦੀ ਪੂਰੀ ਧਾੜ। ਸਿਰ 'ਤੇ ਸਰਕਾਰੀ ਛੱਤਰੀ।ਹੋਮ ਮਨਿਸਟਰ ਨਾਲ ਬਗਲਗੀਰ।ਮੰਤਰੀ ਆਵੇ ਤਾਂ ਨਾਲ ਆਵੇ।ਮੰਤਰੀ ਤੁਰੇ ਤਾਂ ਮੋਢੇ ਨਾਲ ਮੋਢਾ।ਮੰਤਰੀ ਬੈਠੇ, ਤਾਂ ਬਰਾਬਰ ਕੁਰਸੀ।ਪੁਲਸ ਅਧਿਕਾਰੀ ਮੇਜ਼ਮਾਨ।ਇਹ ਉਹਦੀ ਦਹਿਸ਼ਤ ਵਧਾਉਣ।ਸਾਰਾ ਸ਼ਹਿਰ ਸਤਿਆ ਪਿਆ।ਕਿਸੇ ਨੂੰ ਕੁੱਟ ਜਾਣ।ਕਿਸੇ ਨੂੰ ਲੁੱਟ ਲੈਣ।ਕਿਤੇ ਹਵਾਈ ਫੈਰ ਤੇ ਕਿਤੇ ਕਤਲ।
ਇਹ ਧਾੜ ਸ਼ਹਿਰੀ ਹਿੰਦੂ ਪਰਿਵਾਰ ਦੇ ਘਰ ਆ ਵੜੀ। ਵੜਦਿਆਂ ਹੀ ਛੋਟੀ ਧੀ 'ਤੇ ਝਪਟ ਪਈ।ਬੱਚੀ ਨੂੰ ਛੁਡਾਉਣ ਲਈ ਮਾਪੇ ਮੂਹਰੇ ਹੋਏ। ਗੁੰਡਾ ਟੋਲੇ ਨੇ ਰਾੜਾਂ, ਘਾਪਿਆਂ ਨਾਲ ਬਾਹਾਂ ਭੰਨੀਆਂ,ਸਿਰ ਪਾੜੇ। ਫੈਰ ਕਰਦੇ ਹੋਏ ਬਾਲੜੀ ਨੂੰ ਧੂਹ ਕੇ ਲੈ ਗਏ।
ਮਾਪੇ ਪੁਲਸ ਅਧਿਕਾਰੀਆਂ ਕੋਲ ਗਏ। ਅੱਗੋਂ ਉਹ ਲੂਣ ਛਿੜਕਣ। ਬੇਇਜ਼ਤ ਕਰਨ।ਲੜਕੀ ਨੂੰ, ਪੀੜਿਤ ਨੂੰ ਹੀ ਮਾੜਾ ਕਹਿਣ।ਸਾਫ਼ ਦਿਖੇ, ਗੁੰਡਿਆਂ ਨਾਲ ਹਮਦਰਦੀ।ਹੋਮ ਮਨਿਸਟਰ ਦਾ ਪੂਰਾ ਥਾਪੜਾ।ਸੀ.ਐਮ. ਦਾ ਮੀਡੀਆ ਇੰਚਾਰਜ ਤੇ ਡੀ.ਜੀ.ਪੀ.,ਸਭ ਇੱਕੋ ਸੁਰ।"ਕੁੜੀ ਗਲਤ" ਦਾ ਰਾਗ ਅਲਾਪਣ। ਅਖਬਾਰਾਂ 'ਚ ਝੂਠੀ ਚਿੱਠੀ ਵੀ ਛਪਵਾਈ। ਵਿਆਹ ਦੀਆਂ ਫੋਟੋਆਂ ਅਖਬਾਰਾਂ ਵਿੱਚ ਲਵਾਈਆਂ। ਅਫਵਾਹਾਂ ਦੀ ਨੇਰੀ ਝੂਲਾਈ। ਬੇਸ਼ਰਮੀ ਦੀ ਹੱਦ ਪਾਰ, ਇੱਕ ਐਸ.ਪੀ. ਕਹੇ, "ਵਿਆਹ ਕਰਦੋ,ਨਿਬੇੜੋ, ਕੁੜੀ ਐਸ਼ ਕਰੂ "।
ਘੋਲ ਲੜਨਾ ਪਿਆ। ਲੰਮਾਂ ਚੱਲਿਆ। ਘੋਲ ਇੱਕ ਕਮੇਟੀ ਨੇ ਚਲਾਇਆ। ਕਮੇਟੀ ਵਿੱਚ ਸਨ ਗੁਆਂਢੀ, ਸਮਾਜ ਸੇਵੀ ਤੇ ਜਥੇਬੰਦੀਆਂ।ਕਮੇਟੀ ਇੱਕਜੁੱਟ। ਧਰਮਾਂ ਜਾਤਾਂ ਤੋਂ ਨਿਰਲੇਪ। ਪਾਰਟੀਆਂ ਵੀ ਪਾਸੇ ਰੱਖੀਆਂ।ਮਸਲਾ ਵੀ ਨਿਰੋਲ ਇਹੀ ਰੱਖਿਆ।ਮੰਗਾਂ 'ਤੇ ਇੱਕੋ ਮੱਤ ਤੇ ਇੱਕੋ ਸੁਰ, "ਬਾਲੜੀ ਦੀ ਘਰ ਵਾਪਸੀ ਤੇ ਗੁੰਡਿਆਂ ਨੂੰ ਸਜ਼ਾਵਾਂ।" ਸਰਕਾਰ ਨਾਲ ਗੱਲ ਨਾ ਕੀਤੀ,ਨਾ ਹੋਈ।ਧਰਨੇ ਮੁਜ਼ਾਹਰੇ ਹੋਏ।ਸਾਰੀ ਟੇਕ ਘੋਲ 'ਤੇ ਰਹੀ।ਘੋਲ ਨਿਰੰਤਰ ਚੱਲਦਾ ਰਿਹਾ। ਧਰਨਾ ਪੱਕਾ, ਮੁਜ਼ਾਹਰਾ ਦੂਏ ਤੀਏ। ਘੋਲ ਪਿੰਡਾਂ ਤੱਕ ਫੈਲਿਆ। ਲਾਗਲੇ ਜ਼ਿਲ੍ਹਿਆਂ ਤੱਕ ਪਹੁੰਚਿਆ। ਕਮੇਟੀ ਨੇ ਹਮਾਇਤ ਮੰਗੀ।ਲੋਕਾਂ,ਸੰਘਰਸ਼ਸ਼ੀਲ ਲੋਕਾਂ ਨੇ ਬਿਨਾਂ ਸ਼ਰਤ ਹਮਾਇਤ ਦਿੱਤੀ। ਕਮੇਟੀ ਦੀ ਤਾਕਤ ਵਧੀ,ਦੂਣੀ ਤੀਣੀ ਹੋਈ। ਸਲਾਹਾਂ ਸਭ ਦੀਆਂ, ਫੈਸਲਾ ਕਮੇਟੀ ਹੱਥ। ਹਿਮਾਇਤੀਆਂ ਨੇ ਵੀ ਹਮਾਇਤ 'ਤੇ ਪਹਿਰਾ ਦਿੱਤਾ। ਮਰਿਆਦਾ ਨਿਭਾਈ।
ਸ਼ਹਿਰੀਆਂ ਵਿੱਚ ਗੁੰਡਿਆਂ ਖਿਲਾਫ਼ ਭਰੀ ਪਈ ਔਖ, ਭਾਂਬੜ ਬਣ ਉੱਠੀ। ਘੋਲ ਨੂੰ ਹੁੰਗਾਰਾ, ਚੌਂਹਾਂ ਕੂਟਾਂ ਤੋਂ ਮਿਲਿਆ। ਪਿੰਡਾਂ 'ਚ ਹਮੈਤੀ ਇਕੱਠ ਹੋਏ।ਜਨਤਕ ਜਥੇਬੰਦੀਆਂ ਕਾਫ਼ਲੇ ਬੰਨ ਬੰਨ ਆਈਆਂ।ਵੱਡੇ ਜਨਤਕ ਅਧਾਰ ਵਾਲੀ ਕਿਸਾਨ ਯੂਨੀਅਨ, ਉਗਰਾਹਾਂ ਕਮੇਟੀ ਦੀ ਪਿੱਠ 'ਤੇ ਆ ਖੜੀ। ਕਮੇਟੀ ਦੀ ਤਾਕਤ ਦੂਣ ਸਵਾਈ ਹੋ ਗਈ।
ਘੋਲ ਦੀ ਵੱਡੀ ਤਾਕਤ, ਪਿੰਡਾਂ ਦੇ ਮਜ਼ਦੂਰਾਂ ਕਿਸਾਨਾਂ ਦੀ ਸ਼ਹਿਰ ਦੇ ਹਿੰਦੂ ਪਰਿਵਾਰਾਂ ਨਾਲ ਜੋਟੀ। ਸੰਗਰਾਮੀ ਸਾਂਝ।ਸਭ ਇੱਕੋ ਮੂੰਹੇ।ਇੱਕੋ ਮੰਗ,ਇਕੋ ਨਾਹਰਾ, ਇੱਕ ਆਵਾਜ਼।ਇਹ ਦੇਖ, ਹਾਕਮਾਂ ਦੀ ਖਾਨਿਓ ਗਈ।ਚਾਰੇ ਖਾਨੇ ਚਿੱਤ ਹੋਏ।ਅਫਵਾਹਾਂ, ਮਿੱਟੀ ਘੱਟੇ ਰੁਲੀਆਂ। ਸ਼ਾਤਰ ਚਾਲਾਂ, ਫੇਲ ਹੋਈਆਂ। ਘੋਲ ਵੇਗ ਫੜ ਗਿਆ।ਕਿਸਾਨ ਯੂਨੀਅਨ ਵੱਲੋਂ ਸ਼ਹਿਰ ਵਿੱਚ ਔਰਤਾਂ ਦੀ ਅਗਵਾਈ ਵਿਚ ਮਾਰਚ ਕੀਤਾ। ਦੁਸਹਿਰੇ 'ਤੇ ਪੁਲਸ ਸਿਆਸੀ ਗੁੰਡਾ ਤਿੱਕੜੀ ਦੇ ਪੁਤਲੇ ਫੂਕੇ। ਘੋਲ ਸੂਬਾਈ ਪੱਧਰ ਦਾ ਘੋਲ ਜਾਪੇ। ਗੁੰਡਿਆਂ ਦੀ ਦਹਿਸ਼ਤ ਟੁੱਟੀ। ਸ਼ਹਿਰ 'ਚ ਮੁਜ਼ਾਹਰਾ। ਕਚਹਿਰੀ ਮੂਹਰੇ ਪਹਿਰਾ। ਸੰਘਰਸ਼ ਜਿੱਤਿਆ ਗਿਆ।ਬਾਲੜੀ ਮਾਪਿਆਂ ਘਰ।ਗੁੰਡੇ ਜੇਲ੍ਹ।