ਤਿੰਨੋਂ ਫੌਜਾਂ ਅਲਰਟ 'ਤੇ,67 ਟਰੇਨਾਂ ਰੱਦ
ਨਵੀਂ ਦਿੱਲੀ,13 ਜੂਨ,ਦੇਸ਼ ਕਲਿਕ ਬਿਊਰੋ:
ਅਰਬ ਸਾਗਰ ਵਿੱਚ ਉੱਠੇ ਚੱਕਰਵਾਤੀ ਤੂਫ਼ਾਨ ਬਿਪਰਜੋਏ ਦੇ ਵੀਰਵਾਰ ਨੂੰ ਗੁਜਰਾਤ ਦੇ ਕੱਛ ਵਿੱਚ ਜ਼ਮੀਨ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਦੇ ਪ੍ਰਭਾਵ ਕਾਰਨ ਗੁਜਰਾਤ ਦੇ ਤੱਟ ਨੇੜੇ ਉੱਚੀਆਂ ਲਹਿਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਤੱਟਵਰਤੀ ਸ਼ਹਿਰ ਮੁੰਬਈ ਹਾਈ ਅਲਰਟ 'ਤੇ ਹੈ, ਜਦਕਿ ਗੁਜਰਾਤ ਦੇ ਤੱਟੀ ਇਲਾਕਿਆਂ ਤੋਂ 7,500 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਤਿੰਨੋਂ ਫੌਜਾਂ ਅਲਰਟ 'ਤੇ ਹਨ। ਉਥੇ ਹੀ ਬਿਪਰਜੋਏ ਕਾਰਨ ਪੱਛਮੀ ਰੇਲਵੇ ਨੇ ਗੁਜਰਾਤ ਦੇ ਤੱਟੀ ਇਲਾਕਿਆਂ ਨੂੰ ਜਾਣ ਵਾਲੀਆਂ 67 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।ਕੁਝ ਟਰੇਨਾਂ 12 ਤੋਂ 15 ਜੂਨ ਤੱਕ ਇੱਕ ਜਾਂ ਵੱਧ ਦਿਨਾਂ ਲਈ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਦਿੱਲੀ ਸਰਾਏ ਰੋਹਿਲਾ-ਓਖਾ ਸਪੈਸ਼ਲ ਦੋਵੇਂ ਪਾਸੇ, ਓਖਾ ਰਾਜਕੋਟ ਅਨਰਿਜ਼ਰਵਡ, ਅਹਿਮਦਾਬਾਦ-ਵਾਰਾਵਲ ਐਕਸਪ੍ਰੈਸ, ਇੰਦੌਰ-ਵਾਰਾਵਲ ਮਹਾਮਨਾ ਐਕਸਪ੍ਰੈਸ ਸ਼ਾਮਲ ਹਨ।ਭਾਰੀ ਨੁਕਸਾਨ ਦੀ ਭਵਿੱਖਬਾਣੀ ਕਰਦੇ ਹੋਏ ਮੌਸਮ ਵਿਭਾਗ (ਆਈਐਮਡੀ) ਨੇ ਗੁਜਰਾਤ ਦੇ ਸੌਰਾਸ਼ਟਰ ਅਤੇ ਕੱਛ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।ਆਈਐਮਡੀ ਅਹਿਮਦਾਬਾਦ ਕੇਂਦਰ ਦੀ ਡਾਇਰੈਕਟਰ ਮਨੋਰਮਾ ਮੋਹੰਤੀ ਨੇ ਕਿਹਾ ਕਿ ਚੱਕਰਵਾਤ 15 ਜੂਨ ਨੂੰ ਦੁਪਹਿਰ ਦੇ ਕਰੀਬ ਕੱਛ ਜ਼ਿਲ੍ਹੇ ਦੇ ਜਖਾਊ ਬੰਦਰਗਾਹ ਨੇੜੇ ਜ਼ਮੀਨ ਨਾਲ ਟਕਰਾਅ ਸਕਦਾ ਹੈ।ਇਸ ਤੋਂ ਪਹਿਲਾਂ 135-145 ਕਿਲੋਮੀਟਰ ਪ੍ਰਤੀ ਘੰਟਾ ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਭਾਰੀ ਬਾਰਿਸ਼ ਹੋਵੇਗੀ।