ਨਵੀਂ ਦਿੱਲੀ,7 ਜੂਨ,ਦੇਸ਼ ਕਲਿਕ ਬਿਊਰੋ:
ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਨੇ ਭਾਰਤ ਵਿੱਚ 40 ਕਰੋੜ ਰੁਪਏ ਘੱਟ ਆਮਦਨ ਕਰ ਅਦਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੂੰ ਭੇਜੇ ਪੱਤਰ ਵਿੱਚ ਚੋਰੀ ਦੀ ਗੱਲ ਕਬੂਲ ਕੀਤੀ ਹੈ।ਬੀਬੀਸੀ ਨੇ ਪੱਤਰ 'ਚ ਦੱਸਿਆ ਕਿ ਉਸ ਨੇ ਆਮਦਨ ਟੈਕਸ ਰਿਟਰਨ 'ਚ ਜਿੰਨਾ ਭੁਗਤਾਨ ਕਰਨਾ ਚਾਹੀਦਾ ਸੀ, ਉਸ ਤੋਂ ਘੱਟ ਟੈਕਸ ਅਦਾ ਕੀਤਾ।ਦੱਸਿਆ ਜਾ ਰਿਹਾ ਹੈ ਕਿ ਹੁਣ ਬੀਬੀਸੀ ਨੂੰ ਰਸਮੀ ਤੌਰ 'ਤੇ ਸੰਸ਼ੋਧਿਤ ਰਿਟਰਨ ਫਾਈਲ ਕਰਨੀ ਪਵੇਗੀ, ਜਿਸ ਵਿਚ ਇਸ ਰਕਮ 'ਤੇ ਸਾਰੇ ਬਕਾਏ, ਵਿਆਜ ਅਤੇ ਜੁਰਮਾਨਾ ਲਗਾਇਆ ਜਾਵੇਗਾ। ਸੂਤਰਾਂ ਮੁਤਾਬਕ ਬੋਰਡ ਦੇ ਦੋ ਅਧਿਕਾਰੀਆਂ ਨੇ ਬੀਬੀਸੀ ਦੀ ਇਸ ਆਮਦਨ ਕਰ ਚੋਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਕਾਨੂੰਨ ਸਭ ਲਈ ਬਰਾਬਰ ਹਨ, ਇਸ ਲਈ ਬੀਬੀਸੀ ਸਮੇਤ ਕਿਸੇ ਵੀ ਕੰਪਨੀ ਨੂੰ ਕੋਈ ਰਿਆਇਤ ਨਹੀਂ ਦਿੱਤੀ ਜਾਵੇਗੀ, ਚਾਹੇ ਉਹ ਕੰਪਨੀ ਭਾਰਤੀ ਹੋਵੇ ਜਾਂ ਵਿਦੇਸ਼ੀ। ਬੀਬੀਸੀ ਨੂੰ ਭਾਰਤ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਹੋਵੇਗੀ।ਵਿਭਾਗ ਇਸ ਮਾਮਲੇ ਦੀ ਪੈਰਵੀ ਉਦੋਂ ਤੱਕ ਜਾਰੀ ਰੱਖੇਗਾ ਜਦੋਂ ਤੱਕ ਮਾਮਲਾ ਇਸ ਦੇ ਤਰਕਪੂਰਨ ਸਿੱਟੇ 'ਤੇ ਨਹੀਂ ਪਹੁੰਚ ਜਾਂਦਾ।