ਚੰਡੀਗੜ੍ਹ,6 ਜੂਨ,ਦੇਸ਼ ਕਲਿਕ ਬਿਊਰੋ:
ਨੈਸ਼ਨਲ ਜਾਂਚ ਏਜੰਸੀ (ਐੱਨ.ਆਈ.ਏ.) ਨੇ ਪੰਜਾਬ ਅਤੇ ਹਰਿਆਣਾ 'ਚ ਪਾਬੰਦੀਸੁਦਾ ਸੰਗਠਨ ਖਾਲਿਸਤਾਨ ਟਾਈਗਰ ਫੋਰਸ (ਕੇ. ਟੀ. ਐੱਫ.) ਦੀ ਫੰਡਿੰਗ ਕਰਨ ਵਾਲਿਆਂ 'ਤੇ ਛਾਪੇਮਾਰੀ ਕੀਤੀ ਹੈ। ਪੰਜਾਬ 'ਚ 9 ਅਤੇ ਹਰਿਆਣਾ 'ਚ 1 ਸਥਾਨ 'ਤੇ ਛਾਪੇਮਾਰੀ ਕੀਤੀ ਗਈ। ਕੇਟੀਐਫ ਲਈ ਫੰਡ ਇਕੱਠਾ ਕਰਨ ਤੋਂ ਇਲਾਵਾ, ਇਹ ਛਾਪੇ ਸਰਹੱਦ ਪਾਰ ਤੋਂ ਹਥਿਆਰਾਂ, ਗੋਲਾ ਬਾਰੂਦ ਅਤੇ ਵਿਸਫੋਟਕਾਂ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ 'ਤੇ ਵੀ ਹੋਈ। ਹਾਲਾਂਕਿ ਇਸ ਦੇ ਵੇਰਵੇ ਅਜੇ ਸਾਹਮਣੇ ਨਹੀਂ ਆਏ ਹਨ।NIA ਦੀ ਟੀਮ ਨੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਇਕ ਖਿਡੌਣੇ ਵੇਚਣ ਵਾਲੇ 'ਤੇ ਛਾਪਾ ਮਾਰਿਆ। ਟੀਮ ਨੇ ਅਬੋਹਰ ਰੋਡ ਬਾਈਪਾਸ 'ਤੇ ਰਹਿਣ ਵਾਲੇ ਵਿਅਕਤੀ ਤੋਂ ਕਾਫੀ ਦੇਰ ਤੱਕ ਪੁੱਛਗਿੱਛ ਕੀਤੀ।ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਤਲਵੰਡੀ ਭਾਈ ਇਲਾਕੇ 'ਚ ਵੀ ਛਾਪੇਮਾਰੀ ਕੀਤੀ ਗਈ। ਇੱਥੋਂ ਦੇ ਕਰੀਬ 5 ਪਿੰਡਾਂ ਵਿੱਚੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਕੇਟੀਐਫ ਫੰਡਿੰਗ ਅਤੇ ਹਥਿਆਰਾਂ ਦੀ ਤਸਕਰੀ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਹਰਿਆਣਾ ਦੇ ਕੈਥਲ 'ਚ ਦਵਾਈਆਂ ਦੇ ਵਪਾਰੀ ਭਰਾਵਾਂ ਪ੍ਰਦੀਪ ਅਤੇ ਕੁਲਦੀਪ ਦੇ ਘਰ ਸਵੇਰੇ 6 ਵਜੇ ਛਾਪਾ ਮਾਰਿਆ ਗਿਆ। ਇਹ ਛਾਪੇਮਾਰੀ ਪਿੰਡ ਚੂਹੜਮਾਜਰਾ ਵਿੱਚ ਕਰੀਬ 4 ਘੰਟੇ ਚੱਲੀ। ਸੂਤਰਾਂ ਮੁਤਾਬਕ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਪ੍ਰਦੀਪ ਅਤੇ ਕੁਲਦੀਪ ਦੇ ਬੈਂਕ ਖਾਤਿਆਂ 'ਚ ਅਸਾਧਾਰਨ ਲੈਣ-ਦੇਣ ਹੋਇਆ ਹੈ। ਦੋਵੇਂ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਦੀ ਸਪਲਾਈ ਕਰਦੇ ਹਨ।ਪ੍ਰਦੀਪ ਦੇ ਵੱਡੇ ਭਰਾ ਕੁਲਦੀਪ ਮੁਤਾਬਕ ਸ਼ੱਕ ਦੇ ਆਧਾਰ 'ਤੇ NIA ਦੀ ਟੀਮ ਪੁੱਛਗਿੱਛ ਲਈ ਉਸ ਦੇ ਘਰ ਆਈ ਸੀ। ਟੀਮ ਵਾਪਸ ਚਲੀ ਗਈ ਹੈ। ਪ੍ਰਦੀਪ ਦੇ ਬੈਂਕ ਖਾਤਿਆਂ,ਪਾਸਬੁੱਕ ਅਤੇ ਹੋਰ ਲੈਣ-ਦੇਣ ਦੀ ਜਾਂਚ ਕੀਤੀ ਗਈ।