ਨਵੀਂ ਦਿੱਲੀ,6 ਜੂਨ,ਦੇਸ਼ ਕਲਿਕ ਬਿਊਰੋ:
ਸੀਬੀਆਈ ਨੇ ਓਡੀਸ਼ਾ ਰੇਲ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਬੀਆਈ ਦੀ ਟੀਮ ਨੇ ਸੋਮਵਾਰ ਸ਼ਾਮ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ। ਦੂਜੇ ਪਾਸੇ ਹਾਦਸੇ 'ਚ ਮਰਨ ਵਾਲੇ 278 ਲੋਕਾਂ 'ਚੋਂ 101 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ।ਡੀਆਰਐੱਮ ਭੁਵਨੇਸ਼ਵਰ ਰਿੰਕੇਸ਼ ਰਾਏ ਨੇ ਅੱਜ ਮੰਗਲਵਾਰ ਨੂੰ ਦੱਸਿਆ ਕਿ 1100 ਜ਼ਖਮੀਆਂ 'ਚੋਂ 900 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਲਗਭਗ 200 ਲੋਕ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ।ਰੇਲਵੇ ਨੇ ਓਡੀਸ਼ਾ ਸਰਕਾਰ ਦੇ ਸਹਿਯੋਗ ਨਾਲ ਹਾਦਸੇ ਵਿੱਚ ਪ੍ਰਭਾਵਿਤ ਲੋਕਾਂ ਦੇ ਪਰਿਵਾਰਾਂ ਦੀ ਮਦਦ ਲਈ ਆਨਲਾਈਨ ਲਿੰਕ rcodisha.nic.in, www.bmc.gov.in ਜਾਰੀ ਕੀਤੇ ਹਨ।ਇਨ੍ਹਾਂ 'ਚ ਮ੍ਰਿਤਕਾਂ ਦੀਆਂ ਤਸਵੀਰਾਂ ਅਤੇ ਸਾਰੇ ਹਸਪਤਾਲਾਂ 'ਚ ਦਾਖਲ ਯਾਤਰੀਆਂ ਦੀ ਸੂਚੀ ਦਿੱਤੀ ਗਈ ਹੈ। BMC ਵੱਲੋਂ ਜਾਰੀ ਹੈਲਪਲਾਈਨ ਨੰਬਰ 1929 'ਤੇ ਹੁਣ ਤੱਕ 200 ਤੋਂ ਵੱਧ ਕਾਲਾਂ ਆ ਚੁੱਕੀਆਂ ਹਨ। ਲਾਸ਼ਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪੀਆਂ ਜਾ ਰਹੀਆਂ ਹਨ।ਰੇਲਵੇ ਨੇ ਸਿਸਟਮ ਵਿੱਚ ਸੁਧਾਰ ਕਰਨ ਦੇ ਹੁਕਮ ਦਿੱਤੇ ਹਨ ਤਾਂ ਜੋ ਭਵਿੱਖ ਵਿੱਚ ਬਾਲਾਸੋਰ ਵਰਗਾ ਹਾਦਸਾ ਨਾ ਵਾਪਰੇ। ਸਿਗਨਲ ਤੋਂ ਲੈ ਕੇ ਲਾਕਿੰਗ ਸਿਸਟਮ ਤੱਕ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਟੇਸ਼ਨ ਮਾਸਟਰ ਅਤੇ ਕੰਟਰੋਲ ਰੂਮ ਸੈਂਟਰ ਵਿੱਚ ਲਗਾਏ ਗਏ ਸਾਰੇ ਉਪਕਰਨਾਂ ਦੀ ਸਮੀਖਿਆ ਕੀਤੀ ਜਾਵੇਗੀ।