ਨਵੀਂ ਦਿੱਲੀ,5 ਜੂਨ,ਦੇਸ਼ ਕਲਿਕ ਬਿਊਰੋ:
ਓਡੀਸ਼ਾ ਦੇ ਬਾਲਾਸੋਰ 'ਚ ਰੇਲ ਹਾਦਸੇ ਦੇ ਟ੍ਰੈਕ ਦੀ ਮੁਰੰਮਤ ਦਾ ਕੰਮ ਪੂਰਾ ਹੋ ਗਿਆ ਹੈ। ਐਤਵਾਰ ਦੇਰ ਰਾਤ ਤੋਂ ਟਰੇਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਦੂਜੇ ਪਾਸੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ 2 ਜੂਨ ਤੋਂ ਬਾਲਾਸੋਰ ਦੇ ਬਹਾਨਗਾ ਬਾਜ਼ਾਰ ਸਟੇਸ਼ਨ 'ਤੇ ਰੁਕੇ ਰਹੇ।ਉਨ੍ਹਾਂ ਰਾਹਤ ਅਤੇ ਮੁਰੰਮਤ ਦਾ ਕੰਮ ਦੇਖਿਆ।ਹਾਦਸੇ ਦੇ 51 ਘੰਟੇ ਬਾਅਦ ਜਦੋਂ ਪਹਿਲੀ ਰੇਲਗੱਡੀ ਨੂੰ ਟ੍ਰੈਕ 'ਤੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਤਾਂ ਰੇਲਵੇ ਮੰਤਰੀ ਹੱਥ ਜੋੜ ਕੇ ਖੜ੍ਹੇ ਨਜ਼ਰ ਆਏ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਅਜੇ ਖਤਮ ਨਹੀਂ ਹੋਈ। ਸਾਡਾ ਟੀਚਾ ਲਾਪਤਾ ਲੋਕਾਂ ਨੂੰ ਲੱਭਣਾ ਹੈ। ਇਹ ਕਹਿ ਕੇ ਉਹ ਭਾਵੁਕ ਹੋ ਗਏ।ਹਾਦਸੇ ਦੇ 48 ਘੰਟੇ ਬਾਅਦ ਐਤਵਾਰ ਰਾਤ ਨੂੰ ਇਕ ਯਾਤਰੀ ਮੌਕੇ ਤੋਂ ਜ਼ਿੰਦਾ ਮਿਲਿਆ। ਹਾਦਸੇ ਸਮੇਂ ਉਹ ਕੋਚ ਤੋਂ ਬਾਹਰ ਨਿਕਲ ਕੇ ਬੇਹੋਸ਼ ਹੋ ਕੇ ਝਾੜੀਆਂ 'ਚ ਡਿੱਗ ਗਿਆ। ਨੌਜਵਾਨ ਦੀ ਪਛਾਣ ਆਸਾਮ ਦੇ ਰਹਿਣ ਵਾਲੇ ਦਿਲਾਲ ਵਜੋਂ ਹੋਈ ਹੈ।ਉਸ ਨੂੰ ਤੁਰੰਤ ਇਲਾਜ ਲਈ ਭੇਜਿਆ ਗਿਆ, ਜਿੱਥੇ ਉਸ ਨੂੰ ਹੋਸ਼ ਆ ਗਿਆ। ਘਟਨਾ ਦੌਰਾਨ ਉਸ ਦਾ ਫੋਨ ਅਤੇ ਬਟੂਆ ਗਾਇਬ ਹੋ ਗਿਆ।