ਰੇਲ ਮੰਤਰੀ ਮੌਕੇ ‘ਤੇ ਪਹੁੰਚੇ, ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਈ
ਨਵੀਂ ਦਿੱਲੀ,3 ਜੂਨ,ਦੇਸ਼ ਕਲਿਕ ਬਿਊਰੋ:
ਓਡੀਸ਼ਾ 'ਚ ਸ਼ੁੱਕਰਵਾਰ ਸ਼ਾਮ ਨੂੰ ਹੋਏ ਭਿਆਨਕ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 288 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਸੈਂਕੜੇ ਲੋਕ ਜ਼ਖਮੀ ਹੋਏ ਹਨ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ ਅਤੇ ਬਚਾਅ ਕਾਰਜਾਂ 'ਚ ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਭਾਰਤੀ ਫੌਜ ਦੇ ਕਰਨਲ ਐਸਕੇ ਦੱਤਾ ਨੇ ਦੱਸਿਆ ਕਿ ਫੌਜ ਬੀਤੀ ਰਾਤ ਤੋਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈ ਹੈ ਅਤੇ ਕੋਲਕਾਤਾ ਤੋਂ ਫੌਜ ਦੇ ਹੋਰ ਜਵਾਨ ਬੁਲਾਏ ਗਏ ਹਨ।ਮੌਕੇ 'ਤੇ ਪਹੁੰਚੇ ਰੇਲ ਮੰਤਰੀ ਨੇ ਕਿਹਾ ਕਿ ਇਹ ਦਰਦਨਾਕ ਹਾਦਸਾ ਹੈ। ਰੇਲਵੇ, NDRF, SDRF ਅਤੇ ਰਾਜ ਸਰਕਾਰ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ। ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਮੁਆਵਜ਼ੇ ਦਾ ਐਲਾਨ ਕੱਲ੍ਹ ਕੀਤਾ ਗਿਆ ਸੀ। ਹਾਦਸੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰੇਲਵੇ ਸੁਰੱਖਿਆ ਕਮਿਸ਼ਨਰ ਵੀ ਘਟਨਾ ਸਥਾਨ ਦਾ ਦੌਰਾ ਕਰਕੇ ਜਾਂਚ ਕਰਨਗੇ ਕਿ ਹਾਦਸੇ ਦਾ ਕਾਰਨ ਕੀ ਸੀ।ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਾਦਸੇ ਕਾਰਨ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੋਈ ਜਸ਼ਨ ਨਹੀਂ ਹੋਵੇਗਾ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਵੀ ਭਾਜਪਾ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ।