ਨਵੀਂ ਦਿੱਲੀ,3 ਜੂਨ,ਦੇਸ਼ ਕਲਿਕ ਬਿਊਰੋ:
ਉੜੀਸਾ ਦੇ ਬਾਲਾਸੋਰ 'ਚ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਵਾਪਰਿਆ ਰੇਲ ਹਾਦਸਾ ਇੰਨਾ ਭਿਆਨਕ ਸੀ ਕਿ ਕੋਰੋਮੰਡਲ ਐਕਸਪ੍ਰੈਸ ਟਰੇਨ ਦੇ ਕਈ ਡੱਬੇ ਤਬਾਹ ਹੋ ਗਏ। ਇਕ ਇੰਜਣ ਮਾਲ ਗੱਡੀ ਦੇ ਰੈਕ 'ਤੇ ਚੜ੍ਹ ਗਿਆ। ਇਸ ਤੋਂ ਬਾਅਦ ਰਾਹਤ ਅਤੇ ਬਚਾਅ ਟੀਮ ਨੂੰ ਬੋਗੀਆਂ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।ਹਨੇਰਾ ਹੋਣ ਕਾਰਨ ਲੋਕ ਰੋਂਦੇ ਹੋਏ ਆਪਣੇ ਪਿਆਰਿਆਂ ਨੂੰ ਲੱਭਦੇ ਰਹੇ। ਕਈਆਂ ਨੂੰ ਮ੍ਰਿਤਕਾਂ ਦਾ ਧੜ ਤਾਂ ਮਿਲਿਆ ਪਰ ਸਿਰ ਨਹੀਂ। ਲੋਕ ਚੀਕਾਂ ਮਾਰਦੇ ਅਤੇ ਆਪਣੇ ਮ੍ਰਿਤਕ ਅਜ਼ੀਜ਼ਾਂ ਦੇ ਟੁਕੜੇ ਇਕੱਠੇ ਕਰਦੇ ਦੇਖੇ ਗਏ। ਸਥਿਤੀ ਇਹ ਸੀ ਕਿ ਡੱਬਿਆਂ ਵਿੱਚ ਫਸੇ ਬੱਚਿਆਂ ਅਤੇ ਔਰਤਾਂ ਨੂੰ ਡੱਬੇ ਵਿੱਚੋਂ ਬਾਹਰ ਕੱਢਣ ਲਈ ਪੌੜੀਆਂ ਦਾ ਸਹਾਰਾ ਲੈਣਾ ਪਿਆ। ਟਰੇਨ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਸਥਾਨਕ ਲੋਕ ਵੀ ਦੇਰ ਰਾਤ ਤੱਕ ਅਣਥੱਕ ਮਿਹਨਤ ਕਰਦੇ ਦੇਖੇ ਗਏ। ਹਸਪਤਾਲ 'ਚ ਵੀ ਕਈ ਲੋਕ ਜ਼ਖਮੀਆਂ ਦੀ ਮਦਦ ਲਈ ਖੜ੍ਹੇ ਰਹੇ।ਸਵੇਰੇ 6 ਵਜੇ ਤੱਕ ਇਸ ਹਾਦਸੇ 'ਚ 233 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 900 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਅਜਿਹੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੇ ਹਾਦਸੇ ਦਾ ਹਾਲ ਲੋਕਾਂ ਨੂੰ ਦੱਸਿਆ, ਜਿਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ।