ਨਵੀਂ ਦਿੱਲੀ,2 ਜੂਨ,ਦੇਸ਼ ਕਲਿਕ ਬਿਊਰੋ:
ਓਡੀਸ਼ਾ ਦੇ ਬਾਲਾਸੋਰ 'ਚ ਅੱਜ ਸ਼ੁੱਕਰਵਾਰ ਸ਼ਾਮ ਨੂੰ ਕੋਰੋਮੰਡਲ ਐਕਸਪ੍ਰੈੱਸ ਇਕ ਮਾਲ ਗੱਡੀ ਨਾਲ ਟੱਕਰ ਤੋਂ ਬਾਅਦ ਪਟੜੀ ਤੋਂ ਉਤਰ ਗਈ। ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਇਸ ਹਾਦਸੇ ਵਿਚ 50 ਲੋਕਾਂ ਦੀ ਮੌਤ ਹੋ ਗਈ ਹੈ। 350 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ। ਰੇਲਗੱਡੀ ਦੀਆਂ 8 ਬੋਗੀਆਂ ਪਲਟ ਗਈਆਂ। ਇੰਜਣ ਮਾਲ ਗੱਡੀ 'ਤੇ ਚੜ੍ਹ ਗਿਆ।ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਇਕ ਹੋਰ ਰੇਲ ਹਾਦਸਾ ਬਾਲਾਸੋਰ ਨੇੜੇ ਵੀ ਵਾਪਰਿਆ। ਬੇਂਗਲੁਰੂ ਹਾਵੜਾ ਸੁਪਰਫਾਸਟ ਦੀਆਂ ਕੁਝ ਬੋਗੀਆਂ ਇੱਥੇ ਪਟੜੀ ਤੋਂ ਉਤਰ ਗਈਆਂ। ਫਿਲਹਾਲ ਇਸ ਹਾਦਸੇ 'ਚ ਜ਼ਖਮੀਆਂ ਦੇ ਬਾਰੇ 'ਚ ਜਾਣਕਾਰੀ ਨਹੀਂ ਮਿਲੀ ਹੈ।ਕੋਰੋਮੰਡਲ ਐਕਸਪ੍ਰੈੱਸ ਦੇ ਪਟੜੀ ਤੋਂ ਉਤਰਨ ਕਾਰਨ ਜ਼ਖਮੀ ਹੋਏ ਯਾਤਰੀਆਂ ਨੂੰ ਬਹਾਨਾਗਾ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਬਾਲਾਸੋਰ ਅਤੇ ਹੋਰ ਨੇੜਲੇ ਜ਼ਿਲ੍ਹਿਆਂ ਤੋਂ ਵੀ ਮਦਦ ਲਈ ਮੈਡੀਕਲ ਟੀਮਾਂ ਭੇਜੀਆਂ ਗਈਆਂ ਹਨ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ।ਉਨ੍ਹਾਂ ਕਿਹਾ ਮੈਂ ਹੁਣੇ ਰੇਲ ਹਾਦਸੇ ਦੀ ਸਥਿਤੀ ਦਾ ਜਾਇਜ਼ਾ ਲਿਆ ਹੈ। ਮੈਂ ਕੱਲ੍ਹ ਸਵੇਰੇ ਘਟਨਾ ਸਥਾਨ ਦਾ ਦੌਰਾ ਕਰਾਂਗਾ।ਪ੍ਰਸ਼ਾਸਨ ਨੇ ਹਾਦਸੇ ਸਬੰਧੀ ਐਮਰਜੈਂਸੀ ਕੰਟਰੋਲ ਰੂਮ ਦਾ ਨੰਬਰ 6782262286 ਜਾਰੀ ਕੀਤਾ ਹੈ। ਇਸ ਰੂਟ 'ਤੇ 6 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਕੁਝ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਹੋਏ ਰੇਲ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਗੱਲ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ।