ਨਵੀਂ ਦਿੱਲੀ,1 ਜੂਨ,ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਕਮਲ ਦਹਿਲ 'ਪ੍ਰਚੰਡ' ਵਿਚਾਲੇ ਅੱਜ ਵੀਰਵਾਰ ਨੂੰ ਹੋਣ ਵਾਲੀ ਗੱਲਬਾਤ ਊਰਜਾ, ਸੰਪਰਕ ਅਤੇ ਵਪਾਰ ਦੇ ਖੇਤਰਾਂ 'ਚ ਭਾਰਤ-ਨੇਪਾਲ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਕੇਂਦਰਿਤ ਹੋਵੇਗੀ।ਭਾਰਤ ਦੇ ਚਾਰ ਦਿਨਾਂ ਦੌਰੇ 'ਤੇ ਬੁੱਧਵਾਰ ਦੁਪਹਿਰ ਨੂੰ ਦਿੱਲੀ ਪਹੁੰਚਣ ਤੋਂ ਕੁਝ ਘੰਟਿਆਂ ਬਾਅਦ ਪ੍ਰਚੰਡ ਨੇ ਨੇਪਾਲੀ ਦੂਤਾਵਾਸ 'ਚ ਇਕ ਸਮਾਗਮ 'ਚ ਕਿਹਾ ਕਿ ਦੋਵੇਂ ਧਿਰਾਂ ਦੁਵੱਲੇ ਸਬੰਧਾਂ ਨੂੰ ਵਧਾਉਣ ਦੇ ਇੱਛੁਕ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਪੀਐਮ ਮੋਦੀ ਨਾਲ ਗੱਲਬਾਤ ਤੋਂ ਬਾਅਦ ਕਈ ਸਮਝੌਤਿਆਂ 'ਤੇ ਹਸਤਾਖਰ ਹੋਣ ਦੀ ਸੰਭਾਵਨਾ ਹੈ।ਜਿਕਰਯੋਗ ਹੈ ਕਿ ਬੀਤੇ ਕੱਲ੍ਹ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਪ੍ਰਚੰਡ ਨਾਲ ਵੱਖਰੇ ਤੌਰ 'ਤੇ ਮੁਲਾਕਾਤ ਕੀਤੀ ਅਤੇ ਭਾਰਤ-ਨੇਪਾਲ ਸਬੰਧਾਂ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ। ਮੀਟਿੰਗ ਵਿੱਚ ਵਿਦੇਸ਼ ਸਕੱਤਰ ਵਿਨੈ ਕਵਾਤਰਾ ਵੀ ਮੌਜੂਦ ਸਨ। ਨੇਪਾਲੀ ਪ੍ਰਧਾਨ ਮੰਤਰੀ ਨੇ ਦੂਤਾਵਾਸ ਦੇ ਪ੍ਰੋਗਰਾਮ ਵਿੱਚ ਕਿਹਾ ਕਿ ਅਸੀਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਾਂ। ਪ੍ਰਚੰਡ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਵਫ਼ਦ ਵੀ ਭਾਰਤ ਆਇਆ ਹੋਇਆ ਹੈ।