ਨਵੀਂ ਦਿੱਲੀ,30 ਮਈ,ਦੇਸ਼ ਕਲਿਕ ਬਿਊਰੋ:
ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਪ੍ਰਦਰਸ਼ਨ ਕਰ ਰਹੇ ਪਹਿਲਵਾਨ ਅੱਜ ਮੰਗਲਵਾਰ ਨੂੰ ਸ਼ਾਮ 6 ਵਜੇ ਹਰਿਦੁਆਰ ਵਿਖੇ ਆਪਣੇ ਤਮਗੇ ਗੰਗਾ ਵਿੱਚ ਜਲ ਪ੍ਰਵਾਹ ਕਰਨਗੇ। ਇਹ ਪਹਿਲਵਾਨ ਕੁਸ਼ਤੀ ਫੈਡਰੇਸ਼ਨ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਲਈ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਸਨ। ਉਹ ਐਤਵਾਰ ਨੂੰ ਪੁਲਿਸ ਨਾਲ ਝੜਪ ਤੋਂ ਬਾਅਦ ਜੰਤਰ-ਮੰਤਰ ਤੋਂ ਪਰਤ ਆਏ ਹਨ।ਪਹਿਲਵਾਨ ਸਾਕਸ਼ੀ ਮਲਿਕ ਨੇ ਸੋਸ਼ਲ ਮੀਡੀਆ ਪੋਸਟ 'ਚ ਲਿਖਿਆ ਕਿ ਮੈਡਲ ਗੰਗਾ 'ਚ ਜਲ ਪ੍ਰਵਾਹ ਕਰਨ ਤੋਂ ਬਾਅਦ ਉਹ ਇੰਡੀਆ ਗੇਟ 'ਤੇ ਮਰਨ ਵਰਤ ਰੱਖਣਗੇ। ਸਾਕਸ਼ੀ ਨੇ ਲਿਖਿਆ ਕਿ ਅਸੀਂ ਪਵਿੱਤਰਤਾ ਨਾਲ ਇਹ ਮੈਡਲ ਹਾਸਲ ਕੀਤੇ ਸਨ। ਇਨ੍ਹਾਂ ਮੈਡਲਾਂ ਨੂੰ ਪਹਿਨਾ ਕੇ ਸਫੇਦ ਸਿਸਟਮ ਆਪਣਾ ਹੀ ਪ੍ਰਚਾਰ ਕਰਦਾ ਹੈ। ਫਿਰ ਸਾਡਾ ਸ਼ੋਸ਼ਣ ਕਰਦਾ ਹੈ।ਉਨ੍ਹਾਂ ਕਿਹਾ ਕਿ ਉਹ ਇਹ ਮੈਡਲ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਵਾਪਸ ਨਹੀਂ ਕਰਨਗੇ, ਕਿਉਂਕਿ ਉਨ੍ਹਾਂ ਨੇ ਸਾਡੀ ਕੋਈ ਸਾਰ ਨਹੀਂ ਲਈ।ਇਸ ਦੌਰਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 5 ਜੂਨ ਨੂੰ ਅਯੁੱਧਿਆ ਵਿੱਚ ਵੱਡੀ ਰੈਲੀ ਬੁਲਾਈ ਹੈ। ਇਸ ਵਿੱਚ ਸੰਤ ਮਹਾਂਪੁਰਸ਼ ਸ਼ਮੂਲੀਅਤ ਕਰਨਗੇ। ਬ੍ਰਿਜਭੂਸ਼ਣ ਅਤੇ ਸੰਤਾਂ ਦਾ ਕਹਿਣਾ ਹੈ ਕਿ ਪੋਕਸੋ ਐਕਟ ਦਾ ਫਾਇਦਾ ਉਠਾ ਕੇ ਇਸ ਦੀ ਦੁਰਵਰਤੋਂ ਹੋ ਰਹੀ ਹੈ।