ਦਿੱਲੀ ਨੂੰ ਜਾਣ ਵਾਲੀਆਂ ਰੇਲਗੱਡੀਆਂ ਸੋਨੀਪਤ ਰੋਕ ਕੇ ਕਿਸਾਨ ਲਏ ਹਿਰਾਸਤ ‘ਚ
ਨਵੀਂ ਦਿੱਲੀ,28 ਮਈ,ਦੇਸ਼ ਕਲਿਕ ਬਿਊਰੋ:
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਤਤਕਾਲੀ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਨੇ ਅੱਜ ਦਿੱਲੀ ਦੇ ਨਵੇਂ ਸੰਸਦ ਭਵਨ ਦੇ ਸਾਹਮਣੇ ਮਹਿਲਾ ਪੰਚਾਇਤ ਬੁਲਾਈ ਹੈ। ਹਰਿਆਣਾ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਮੂਹਾਂ ਦੇ ਨਾਲ-ਨਾਲ ਕਈ ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਅਤੇ ਖਾਪਾਂ ਨੇ ਇਸ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ। ਇਸ ਕਾਰਨ ਹਰਿਆਣਾ ਦੇ ਕੁੰਡਲੀ ਅਤੇ ਟਿੱਕਰੀ ਸਰਹੱਦ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।
ਕਿਸਾਨਾਂ ਅਤੇ ਖਾਪ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਰੇਲ ਗੱਡੀ ਰਾਹੀਂ ਦਿੱਲੀ ਜਾਣ ਵਾਲੇ ਮਾਰਚ ਨੂੰ ਰੋਕਣ ਲਈ ਅੱਜ ਐਤਵਾਰ ਨੂੰ ਸੋਨੀਪਤ ਰੇਲਵੇ ਸਟੇਸ਼ਨ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ। ਸੋਨੀਪਤ ਸਟੇਸ਼ਨ 'ਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਸੋਨੀਪਤ ਪੁਲਿਸ ਰੋਕ ਰਹੀ ਹੈ ਅਤੇ ਹਿਰਾਸਤ ‘ਚ ਲੈ ਰਹੀ ਹੈ।
ਇਸ ਦੇ ਨਾਲ ਹੀ ਸੋਨੀਪਤ 'ਚ ਪੁਲਿਸ ਨੇ ਫਿਰੋਜ਼ਪੁਰ-ਔਚੰਡੀ ਬਾਰਡਰ 'ਤੇ ਨਾਕਾਬੰਦੀ ਕਰਕੇ ਭਾਰਤੀ ਕਿਸਾਨ ਨੌਜਵਾਨ ਯੂਨੀਅਨ ਅਤੇ ਗੈਰ-ਸਿਆਸੀ SKM ਦੇ ਮੈਂਬਰ ਅਭਿਮਨਿਊ ਕੋਹਾੜ ਸਮੇਤ ਹੋਰਨਾਂ ਨੂੰ ਹਿਰਾਸਤ 'ਚ ਲੈ ਲਿਆ। ਕਿਸਾਨ ਖਰਖੌਦਾ ਦੇ ਥਾਣਾ ਕਾਲਾ ਚੌਕ ਵਿਖੇ ਇਕੱਠੇ ਹੋਣਗੇ।