ਦਿੱਲੀ ‘ਚ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦਾ ਅਧਿਕਾਰ LG ਕੋਲ ਹੀ ਰਹੇਗਾ
ਆਮ ਆਦਮੀ ਪਾਰਟੀ ਨੇ ਆਰਡੀਨੈਂਸ ਨੂੰ ਤਾਨਾਸ਼ਾਹੀ ਤੇ SC ਦੇ ਹੁਕਮਾਂ ਦੀ ਉਲੰਘਣਾ ਕਿਹਾ
ਨਵੀਂ ਦਿੱਲੀ, 20 ਮਈ, ਦੇਸ਼ ਕਲਿਕ ਬਿਊਰੋ :
ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਨੂੰ ਲੈ ਕੇ ਆਰਡੀਨੈਂਸ ਜਾਰੀ ਕੀਤਾ ਹੈ। ਆਰਡੀਨੈਂਸ ਮੁਤਾਬਕ ਦਿੱਲੀ 'ਚ ਅਧਿਕਾਰੀਆਂ ਦੇ ਤਬਾਦਲੇ 'ਤੇ ਅੰਤਿਮ ਫੈਸਲਾ ਉਪ ਰਾਜਪਾਲ ਦਾ ਹੀ ਹੋਵੇਗਾ। ਮੁੱਖ ਮੰਤਰੀ ਦਾ ਇਸ ਵਿੱਚ ਕੋਈ ਅਧਿਕਾਰ ਨਹੀਂ ਹੋਵੇਗਾ। ਕੇਂਦਰ ਸਰਕਾਰ ਨੇ ਇਹ ਫੈਸਲਾ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਲਿਆ ਹੈ। ਦਰਅਸਲ, ਸੁਪਰੀਮ ਕੋਰਟ ਨੇ 11 ਮਈ ਨੂੰ ਹੁਕਮ ਦਿੱਤਾ ਸੀ ਕਿ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਦਾ ਅਧਿਕਾਰ ਦਿੱਲੀ ਸਰਕਾਰ ਕੋਲ ਰਹੇਗਾ। ਹੁਣ ਕੇਂਦਰ ਨੇ ਆਰਡੀਨੈਂਸ ਰਾਹੀਂ ਅਦਾਲਤ ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਹੁਣ 6 ਮਹੀਨਿਆਂ ਦੇ ਅੰਦਰ ਸੰਸਦ 'ਚ ਇਸ ਨਾਲ ਜੁੜਿਆ ਕਾਨੂੰਨ ਵੀ ਬਣਾਇਆ ਜਾਵੇਗਾ।ਇਸ ਦੇ ਨਾਲ ਹੀ ਇਸ ਮਾਮਲੇ 'ਚ 'ਆਪ' ਨੇ ਕਿਹਾ ਕਿ ਕੇਂਦਰ ਦਾ ਇਹ ਆਰਡੀਨੈਂਸ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ ਤੇ ਤਾਨਾਸ਼ਾਹੀ ਹੈ। ਇਹ ਆਰਡੀਨੈਂਸ ਕੇਜਰੀਵਾਲ ਸਰਕਾਰ ਦੀ ਤਾਕਤ ਨੂੰ ਘੱਟ ਕਰਨ ਲਈ ਲਿਆਂਦਾ ਗਿਆ ਹੈ।