ਨਵੀਂ ਦਿੱਲੀ,18 ਮਈ,ਦੇਸ਼ ਕਲਿਕ ਬਿਊਰੋ:
ਮੋਦੀ ਸਰਕਾਰ 'ਚ ਵੱਖ-ਵੱਖ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਕਿਰੇਨ ਰਿਜਿਜੂ ਤੋਂ ਕਾਨੂੰਨ ਮੰਤਰਾਲਾ ਖੋਹ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਮੰਤਰਾਲੇ ਦੀ ਜ਼ਿੰਮੇਵਾਰੀ ਹੁਣ ਅਰਜੁਨ ਰਾਮ ਮੇਘਵਾਲ ਨੂੰ ਸੌਂਪ ਦਿੱਤੀ ਗਈ ਹੈ।ਇਸ ਦੌਰਾਨ ਖ਼ਬਰ ਹੈ ਕਿ ਕਿਰੇਨ ਰਿਜਿਜੂ ਨੂੰ ਹੁਣ ਭੂ- ਵਿਗਿਆਨ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੇਘਵਾਲ ਨੂੰ ਕਾਨੂੰਨ ਰਾਜ ਮੰਤਰੀ ਵਜੋਂ ਸੁਤੰਤਰ ਚਾਰਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮੇਘਵਾਲ ਪਹਿਲਾਂ ਤੋਂ ਹੀ ਸੱਭਿਆਚਾਰਕ ਮੰਤਰਾਲੇ 'ਚ ਰਾਜ ਮੰਤਰੀ ਦੇ ਅਹੁਦੇ 'ਤੇ ਹਨ।ਜਿਕਰਯੋਗ ਹੈ ਕਿ ਰਿਜਿਜੂ ਮੌਜੂਦਾ ਅਤੇ ਸੇਵਾਮੁਕਤ ਜੱਜਾਂ 'ਤੇ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਸੁਰਖੀਆਂ 'ਚ ਰਹੇ ਹਨ। ਉਨ੍ਹਾਂ ਕਾਲਜੀਅਮ ਬਾਰੇ ਇਹ ਵੀ ਕਿਹਾ ਸੀ ਕਿ ਦੇਸ਼ ਵਿੱਚ ਕੋਈ ਵੀ ਕਿਸੇ ਨੂੰ ਚੇਤਾਵਨੀ ਨਹੀਂ ਦੇ ਸਕਦਾ। ਦੇਸ਼ ਵਿੱਚ ਹਰ ਕੋਈ ਸੰਵਿਧਾਨ ਅਨੁਸਾਰ ਕੰਮ ਕਰਦਾ ਹੈ। ਉਨ੍ਹਾਂ ਨੇ ਸੇਵਾਮੁਕਤ ਜੱਜਾਂ ਬਾਰੇ ਵੀ ਬਿਆਨ ਦਿੱਤਾ ਸੀ ਤੇ ਕਿਹਾ ਸੀ ਕਿ ਕੁਝ ਸੇਵਾਮੁਕਤ ਜੱਜ ਐਂਟੀ ਇੰਡੀਆ ਗਰੁੱਪ ਦਾ ਹਿੱਸਾ ਬਣ ਗਏ ਹਨ।