ਨਵੀਂ ਦਿੱਲੀ, 14 ਮਈ ;
ਕਰਨਾਟਕ ਦੇ ਪੁਲਸ ਡਾਇਰੈਕਟਰ ਜਨਰਲ ਆਈਪੀਐਸ ਪ੍ਰਵੀਨ ਸੂਦ ਨੂੰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੇ ਅਗਲੇ ਡਾਇਰੈਕਟਰ ਹੋਣਗੇ। ਆਈਪੀਐਸ ਅਧਿਕਾਰੀ ਪ੍ਰਵੀਨ ਸੂਦ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ। ਉਹ ਸੁਬੋਧ ਜੈਸਵਾਲ ਦੀ ਥਾਂ ਲੈਣਗੇ, ਜੋ 25 ਮਈ ਨੂੰ ਆਪਣਾ ਕਾਰਜਕਾਲ ਪੂਰਾ ਕਰ ਰਹੇ ਹਨ।
ਸੀ. ਬੀ. ਆਈ. ਦੇ ਨਵੇਂ ਡਾਇਰੈਕਟਰ ਦੀ ਚੋਣ ਕਰਨ ਲਈ ਸ਼ਨੀਵਾਰ ਨੂੰ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਹੋਈ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਫ਼ ਜਸਟਿਸ ਡੀਵਾਈ ਚੰਦਰਚੂੜ ਅਤੇ ਲੋਕ ਸਭਾ ਵਿੱਚ ਸਭ ਤੋਂ ਵੱਡੀ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਤਿੰਨ ਨਾਵਾਂ ਦੀ ਚੋਣ ਕੀਤੀ ਗਈ ਅਤੇ ਨਵੇਂ ਕੇਂਦਰੀ ਵਿਜੀਲੈਂਸ ਕਮਿਸ਼ਨਰ ਅਤੇ ਮੈਂਬਰ ਲੋਕਪਾਲ ਦੇ ਨਾਵਾਂ ’ਤੇ ਵੀ ਚਰਚਾ ਕੀਤੀ ਗਈ। ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਪ੍ਰਵੀਨ ਸੂਦ ਦੇ ਨਾਮ ਨੂੰ ਮਨਜ਼ੂਰੀ ਦਿੱਤੀ। ਇਹ ਜਾਣਕਾਰੀ ਕੇਂਦਰੀ ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਦੇ ਇੱਕ ਹੁਕਮ ਵਿੱਚ ਦਿੱਤੀ ਗਈ ਹੈ।