ਚੰਦਰਪਾਲ ਅੱਤਰੀ,ਲਾਲੜੂ
18 ਜੂਨ 1946 ਨੂੰ ਸਾਂਝੇ ਪੰਜਾਬ ਦੇ ਪਿੰਡ ਧਾਲੀਵਾਲ ਵਿੱਚ ਜਨਮੇ ਅਤੇ 14 ਜਨਵਰੀ 2023 ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਫਿਲੌਰ ਵਿੱਚ ਦਿਲ ਦੇ ਦੌਰੇ ਕਾਰਨ ਕਾਂਗਰਸੀ ਆਗੂ ਸੰਤੋਖ ਚੌਧਰੀ ਦੇ ਸਦੀਵੀਂ ਵਿਛੋੜਾ ਦੇਣ ਨਾਲ ਅੱਜ 10 ਮਈ ਨੂੰ ਜਲੰਧਰ 'ਚ ਲੋਕ ਸਭਾ ਦੀ ਜਿਮਣੀ ਚੋਣ ਹੋ ਰਹੀ ਹੈ।ਸੰਤੋਖ ਚੌਧਰੀ ਇੱਕ ਸ਼ਾਂਤ ਸੁਭਾਅ ਦੇ ਸਿਆਸਤਦਾਨ ਮੰਨੇ ਜਾਂਦੇ ਸਨ ਤੇ ਉਹ ਇੱਕ ਵਾਰ ਕੈਬਨਿਟ ਮੰਤਰੀ ਰਹਿਣ ਦੇ ਨਾਲ-ਨਾਲ 2014 ਤੇ 2019 ਵਿੱਚ ਲੋਕ ਸਭਾ ਦੀ ਚੋਣ ਜਿੱਤ ਚੁੱਕੇ ਹਨ। ਇਸ ਚੋਣ ਵਿੱਚ ਸੰਤੋਖ ਚੌਧਰੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਚੌਧਰੀ, ਪੰਜਾਬ ਵਿਚ ਸੱਤਾਧਾਰੀ ਪਾਰਟੀ ਵੱਲੋਂ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਲਿਆਂਦੇ ਗਏ ਸੁਸ਼ੀਲ ਰਿੰਕੂ, ਸ਼੍ਰੋਮਣੀ ਅਕਾਲੀ ਦਲ-ਬਸਪਾ ਵੱਲੋਂ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁੱਖੀ, ਭਾਜਪਾ ਵੱਲੋਂ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਰਹਿ ਚੁੱਕੇ ਚਰਨਜੀਤ ਸਿੰਘ ਅਟਵਾਲ ਦੇ ਪੁੱਤਰ ਇੰਦਰ ਇਕਬਾਲ ਸਿੰਘ ਅਟਵਾਲ ਤੇ ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਸਿਮਰਨਜੀਤ ਸਿੰਘ ਮਾਨ ਦੇ ਪੀਏ ਮੈਦਾਨ ਵਿੱਚ ਹਨ।
ਚੋਣ ਪ੍ਰਚਾਰ ਦੌਰਾਨ ਹਰ ਪਾਰਟੀ ਨੇ ਆਪੋ-ਆਪਣੇ ਉਮੀਦਵਾਰ ਦੇ ਹੱਕ ਵਿੱਚ ਡਟ ਕੇ ਪ੍ਰਚਾਰ ਕੀਤਾ ਹੈ।ਸੂਬਾ ਸਰਕਾਰ ਕੋਲ ਜਿੱਥੇ 92 ਵਿਧਾਇਕ ਤੇ ਸਰਕਾਰੀ ਮਸ਼ੀਨਰੀ ਹੈ,ਉੱਥੇ ਹੀ ਇਸ ਵਾਰ ਇਸ ਚੋਣ ਦੌਰਾਨ ਕਾਂਗਰਸ ਪਾਰਟੀ ਦਾ ਪਰਿਵਾਰ ਇੱਕਜੁੱਟ ਨਜ਼ਰ ਆਇਆ ਹੈ।ਇਸ ਦੇ ਨਾਲ ਹੀ ਇਸ ਜ਼ਿਲ੍ਹੇ ਵਿੱਚ ਚੰਗਾ ਆਧਾਰ ਰੱਖਦੀਆਂ ਖੱਬੀਆਂ ਪਾਰਟੀਆਂ ਵੀ ਧਰਮ ਨਿਰੱਪੱਖਤਾ ਨੂੰ ਆਧਾਰ ਬਣਾਉਂਦਿਆਂ ਕਾਂਗਰਸ ਦੇ ਪੱਖ 'ਚ ਪ੍ਰਚਾਰ ਕਰ ਰਹੀਆਂ ਹਨ, ਜਿਸ ਦਾ ਕਾਂਗਰਸ ਨੂੰ ਲਾਭ ਹੋਣਾ ਤੈਅ ਹੈ।ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਉਮੀਦਵਾਰ ਵੀ ਸਾਊ ਤੇ ਲੋਕਾਂ ਵਿੱਚ ਮਕਬੂਲੀਅਤ ਰੱਖਦਾ ਹੈ,ਜਿਸ ਦਾ ਉਨ੍ਹਾਂ ਨੂੰ ਲਾਭ ਮਿਲਣਾ ਤੈਅ ਹੈ।ਭਾਜਪਾ ਦੀ ਟੇਕ ਸ਼ਹਿਰੀ ਵੋਟਰਾਂ ਉਤੇ ਹੈ।ਉਹ ਵੱਡੀ ਗਿਣਤੀ ਨਰਮ ਖਿਆਲੀ ਸਿੱਖਾਂ ਨੂੰ ਪਾਰਟੀ ਨਾਲ ਜੋੜਨ ਲਈ ਯਤਨਸ਼ੀਲ ਹੈ। ਸ਼੍ਰੋਮਣੀ ਅਕਾਲੀ (ਅ) ਦਲ ਵੀ ਹੁਣੇ-ਹੁਣੇ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਦਾ ਲਾਹਾ ਲੈਂਦਿਆਂ ਸੰਗਰੂਰ ਆਲਾ ਇਤਿਹਾਸ ਦਹੁਰਾਉਣ ਦੀ ਉਮੀਦ ਲਾਈ ਬੈਠਾ ਹੈ।
ਇਹ ਤਾਂ ਉਮੀਦਵਾਰ ਤੇ ਉਨ੍ਹਾਂ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਸੀ। ਅਸਲ ਵਿਚ ਜਲੰਧਰ ਪੁਰਾਤਨ ਸਮੇਂ ਤੋਂ ਦੁਆਬੇ ਦਾ ਕਰੀਮੀ ਸ਼ਹਿਰ ਰਿਹਾ ਹੈ। ਸਦੀਆਂ ਪਹਿਲਾਂ ਇਸ ਖੇਤਰ ਤੋਂ ਲੋਕ ਵਿਦੇਸ਼ਾਂ ਵਿਚ ਜਾਂਦੇ ਰਹੇ ਹਨ।ਹੁਣ ਵੀ ਜਲੰਧਰ ਦੇ ਪਿੰਡਾਂ ਵਿੱਚ ਮੁਹਾਲੀ ਮੁਕਾਬਲੇ ਵੱਡੇ ਮਕਾਨ ਹਨ ਪਰ ਅਹਿਮ ਗੱਲ ਇਹ ਹੈ ਕਿ ਇਨ੍ਹਾਂ ਮਕਾਨਾਂ ਵਿੱਚ ਰਹਿਣ ਵਾਲੇ ਪੰਜਾਬੀ ਨਹੀਂ ਹਨ।ਹੋਰ ਤਾਂ ਹੋਰ ਬਹੁਤ ਮਕਾਨਾਂ ਦੇ ਬਾਹਰ ਇਹ ਬੋਰਡ ਵੀ ਲੱਗੇ ਹਨ ਕਿ ਸਾਡੇ ਮਕਾਨ ਵਿੱਚ ਰਹੋ ਤੇ ਉਲਟਾ ਸਾਡੇ ਕੋਲ ਵੀਹ ਹਜ਼ਾਰ ਪਾਓ।ਪਿੰਡਾਂ ਵਿੱਚ ਸਥਿਤੀ ਇਹ ਹੈ ਕਿ ਮੀਟਿੰਗ ਕਰਨ ਲਈ ਲੋਕਲ ਬੰਦੇ ਹੀ ਨਹੀਂ ਮਿਲਦੇ। ਦੂਜੇ ਪਾਸੇ ਸ਼ਹਿਰ ਪੂਰੀ ਤਰ੍ਹਾਂ ਉਦਯੋਗੀਕਰਨ ਸਹਾਰੇ ਹੈ। ਇਸ ਸਮੇਂ ਸ਼ਹਿਰ ਦੇ ਉਦਯੋਗਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਸਲ ਵਿੱਚ ਹਰ ਪਾਰਟੀ ਲਈ ਜਲੰਧਰ ਜਿਮਣੀ ਚੋਣ ਅਹਿਮੀਅਤ ਰੱਖਦੀ ਹੈ,ਜਿੱਥੇ ਇਹ ਚੋਣ ਸੰਗਰੂਰ ਹਾਰਣ ਉਪਰੰਤ ਸੂਬਾ ਸਰਕਾਰ ਲਈ ਵੱਕਾਰ ਦਾ ਸਵਾਲ ਹੈ,ਉੱਥੇ ਹੀ ਕਾਂਗਰਸ ਦੇ ਵੱਡੇ ਲੀਡਰ ਭਾਜਪਾ ਵਿੱਚ ਜਾਣ ਉਪਰੰਤ ਕਾਂਗਰਸ ਲਈ ਵੀ ਇਹ ਪ੍ਰੀਖਿਆ ਦੀ ਘੜੀ ਹੈ। ਸ਼੍ਰੋਮਣੀ ਅਕਾਲ਼ੀ ਦਲ ਲਈ ਇਹ ਸਿਆਸੀ ਜਿਊਣ-ਮਰਣ ਦਾ ਸਵਾਲ ਹੈ।ਵੱਡੇ ਬਾਦਲ ਸਾਹਿਬ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕੇ ਹਨ ਤੇ ਉਨ੍ਹਾਂ ਦੀ ਮੌਤ ਉਪਰੰਤ ਇਹ ਅਕਾਲੀ ਆਗੂਆਂ ਦੇ ਕੱਦ ਦਾ ਫੈਸਲਾ ਵੀ ਕਰੇਗੀ।ਭਾਜਪਾ ਵੀ ਚਾਹੇਗੀ ਕਿ ਉਹ ਇਸ ਵਾਰ ਵੀ ਸੰਗਰੂਰ ਦੀ ਚੋਣ ਵਾਂਗ ਅਕਾਲੀਆਂ ਨੂੰ ਪਛਾੜੇ।ਅਕਾਲੀ ਦਲ (ਅ)ਵੀ ਇਸ ਚੋਣ ਵਿੱਚ ਕੁੱਝ ਨਾ ਕੁੱਝ ਵੋਟ ਫੀਸਦੀ ਵਧਾਉਣਾ ਚਾਹੇਗਾ।ਹਾਂ ਇਹ ਗੱਲ ਵੱਖਰੀ ਹੈ ਕਿ ਆਖਰੀ ਫੈਸਲਾ ਜਲੰਧਰ ਦੇ ਸੂਝਵਾਨ ਵੋਟਰ ਹੀ ਕਰਣਗੇ ਕਿ ਉਹ ਕਿਸ ਨੂੰ ਆਪਣੇ ਲਈ ਸਹੀ ਮੰਨਣਗੇ।
ਸਾਡਾ ਮੰਨਣਾ ਹੈ ਕਿ ਜਲੰਧਰ ਦੇ ਲੋਕ ਆਪਣੇ ਜ਼ਿਲ੍ਹੇ ਤੇ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇਣਗੇ।ਸੁੰਨੇ ਪਏ ਪਿੰਡ ਫਿਰ ਚਹਿਲ-ਪਹਿਲ ਨਾਲ ਭਰਪੂਰ ਹੋਣਗੇ।ਕੰਕਰੀਟ ਦੀ ਢਾਣੀ ਬਣ ਚੁੱਕੇ ਪਿੰਡਾਂ ਨੂੰ ਮੁੜ ਇਨਸਾਨੀ ਪੱਖੋਂ ਆਬਾਦ ਕੀਤਾ ਜਾਵੇਗਾ।ਜਲੰਧਰ ਸ਼ਹਿਰ ਦੇ ਉਦਯੋਗਾਂ ਦਾ ਨਵੀਆਂ ਤਕਨੀਕਾਂ ਨਾਲ ਨਵੀਨੀਕਰਨ ਹੋਵੇਗਾ।ਜਲੰਧਰ ਦੇ ਲੋਕ ਇਸ ਉਮੀਦ ਨਾਲ ਹੀ ਆਪਣਾ ਉਮੀਦਵਾਰ ਚੁਨਣਗੇ,ਨਾ ਕਿ ਫੋਕੀ ਟੋਰ ਤੇ ਝੂਠੇ ਲਾਰਿਆਂ ਦੇ ਪ੍ਰਭਾਵ ਵਿੱਚ ਆਉਣਗੇ।
ਮੋਬਾਇਲ :7889111988