ਥਿਰੂਵਨੰਥਪੁਰਮ, 8 ਮਈ, ਦੇਸ਼ ਕਲਿਕ ਬਿਊਰੋ:
ਕੇਰਲ ਦੇ ਮਲੱਪੁਰਮ ਜ਼ਿਲ੍ਹੇ ਦੇ ਤਾਨੂਰ ਵਿੱਚ ਥੋਵਲ ਥੇਰਮ ਸੈਰ-ਸਪਾਟਾ ਸਥਾਨ 'ਤੇ ਪੁਰਾਪੁਝਾ ਨਦੀ ਵਿੱਚ ਇੱਕ ਡਬਲ ਡੈਕਰ ਸੈਲਾਨੀ ਕਿਸ਼ਤੀ ਦੇ ਪਲਟ ਜਾਣ ਕਾਰਨ ਹਾਦਸੇ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ।ਮ੍ਰਿਤਕਾਂ ਵਿੱਚ ਕਈ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਡਬਲ ਡੈਕਰ ਕਿਸ਼ਤੀ ਵਿੱਚ ਲਗਭਗ 40 ਯਾਤਰੀ ਸਵਾਰ ਸਨ।ਇਹ ਘਟਨਾ ਸ਼ਾਮ 7 ਵਜੇ ਦੇ ਕਰੀਬ ਵਾਪਰੀ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਪੁਲਿਸ, ਫਾਇਰ ਐਂਡ ਰੈਸਕਿਊ ਸਰਵਿਸਿਜ਼, ਮਛੇਰੇ ਅਤੇ ਮੂਲ ਨਿਵਾਸੀ ਬਚਾਅ ਮਿਸ਼ਨ ਵਿੱਚ ਲੱਗੇ ਹੋਏ ਹਨ।ਹਾਦਸਾਗ੍ਰਸਤ ਕਿਸ਼ਤੀ ਨੂੰ ਕ੍ਰੇਨ ਦੀ ਮਦਦ ਨਾਲ ਕੱਢਿਆ ਗਿਆ ਅਤੇ ਉਸ ਵਿੱਚੋਂ ਕਈ ਲਾਸ਼ਾਂ ਬਰਾਮਦ ਕੀਤੀਆਂ ਗਈਆਂ।ਜਾਣਕਾਰੀ ਮੁਤਾਬਕ ਹੁਣ ਤੱਕ ਕਰੀਬ 20 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਬਚਾਏ ਗਏ ਲੋਕਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਮੌਤਾਂ 'ਤੇ ਦੁੱਖ ਪ੍ਰਗਟ ਕਰਦੇ ਹੋਏ ਮਲਪੁਰਮ ਦੇ ਜ਼ਿਲ੍ਹਾ ਕੁਲੈਕਟਰ ਨੂੰ ਐਮਰਜੈਂਸੀ ਬਚਾਅ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ।
ਮੰਤਰੀ ਪੀਏ ਮੁਹੰਮਦ ਰਿਆਸ ਅਤੇ ਵੀ ਅਬਦੁਰਹਿਮਾਨ ਬਚਾਅ ਕਾਰਜਾਂ ਦਾ ਤਾਲਮੇਲ ਕਰ ਰਹੇ ਹਨ।ਸੀਨੀਅਰ ਪੁਲਿਸ ਅਧਿਕਾਰੀ ਅਤੇ ਸਿਆਸੀ ਆਗੂ ਵੀ ਮੌਕੇ 'ਤੇ ਪਹੁੰਚ ਗਏ ਹਨ।ਸਥਾਨਕ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਬਹੁਤ ਜ਼ਿਆਦਾ ਲੋਕ ਸਵਾਰ ਸਨ ਅਤੇ ਕਿਸ਼ਤੀ ‘ਚ ਜੀਵਨ ਬਚਾਉਣ ਦੇ ਉਪਕਰਨ ਮੁਹੱਈਆ ਨਹੀਂ ਕਰਵਾਏ ਗਏ ਸਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਹਰੇਕ ਮ੍ਰਿਤਕ ਦੇ ਵਾਰਸਾਂ ਨੂੰ 2 ਲੱਖ ਰੁਪਏ ਵਿੱਤੀ ਮੱਦਦ ਦਿੱਤੀ ਜਾਵੇਗੀ।