ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਦਿੱਲੀ ਤੋਂ ਵੱਡੀ ਗਿਣਤੀ ਕਿਸਾਨ ਪਹੁੰਚਣਗੇ
ਚੰਡੀਗੜ੍ਹ,7 ਮਈ,ਦੇਸ਼ ਕਲਿਕ ਬਿਊਰੋ:
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਲਈ ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਧਰਨਾ ਅੱਜ 15ਵੇਂ ਦਿਨ ਵੀ ਜਾਰੀ ਹੈ। ਅੱਜ ਜੰਤਰ-ਮੰਤਰ 'ਤੇ ਮਹਾਪੰਚਾਇਤ ਹੋਵੇਗੀ, ਜਿਸ 'ਚ ਦੇਸ਼ ਭਰ ਤੋਂ ਵੱਖ-ਵੱਖ ਖਾਪ ਪੰਚਾਇਤਾਂ ਪਹੁੰਚਣਗੀਆਂ।ਹਰਿਆਣਾ,ਪੰਜਾਬ, ਯੂ.ਪੀ., ਰਾਜਸਥਾਨ ਅਤੇ ਦਿੱਲੀ ਤੋਂ ਵਿਸ਼ੇਸ਼ ਤੌਰ 'ਤੇ ਵੱਡੀ ਗਿਣਤੀ 'ਚ ਕਿਸਾਨ ਇੱਥੇ ਪਹੁੰਚਣਗੇ। ਇਸ ਦੇ ਮੱਦੇਨਜ਼ਰ ਹਰਿਆਣਾ ਨਾਲ ਲੱਗਦੀ ਸਰਹੱਦ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬਹਾਦਰਗੜ੍ਹ 'ਚ ਦਿੱਲੀ ਸਰਹੱਦ 'ਤੇ 5 ਥਾਵਾਂ 'ਤੇ ਨਾਕੇ ਲਾਏ ਗਏ ਹਨ। ਕਿਸੇ ਵੀ ਸ਼ੱਕੀ ਵਾਹਨ ਨੂੰ ਦਿੱਲੀ ਵਿਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।ਪੁਲਿਸ ਨੂੰ ਖਦਸ਼ਾ ਹੈ ਕਿ ਖਾਪ ਦੇ ਨੁਮਾਇੰਦੇ ਅਤੇ ਕਿਸਾਨ ਬਹਾਦੁਰਗੜ੍ਹ ਦੇ ਰਸਤੇ ਦਿੱਲੀ ਵਿੱਚ ਦਾਖਲ ਹੋਣਗੇ। ਇਸ ਦੇ ਨਾਲ ਹੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸਪੱਸ਼ਟ ਕੀਤਾ ਹੈ ਕਿ ਅਸੀਂ ਆਪਣੀ ਮਹਾਂਪੰਚਾਇਤ ਸ਼ਾਂਤੀਪੂਰਵਕ ਕਰਾਂਗੇ। ਦਿੱਲੀ ਪੁਲਿਸ ਨੂੰ ਕਿਸਾਨਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਰੋਕਣਾ ਚਾਹੀਦਾ। ਜੇਕਰ ਪੁਲੀਸ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਜਾਂਦੀ ਹੈ ਤਾਂ ਉਸੇ ਥਾਣੇ ਵਿੱਚ ਮਹਾਂਪੰਚਾਇਤ ਹੋਵੇਗੀ।