ਪਣਜੀ, 4 ਮਈ, ਦੇਸ਼ ਕਲਿਕ ਬਿਊਰੋ :
ਭਾਰਤ ਦੀ ਮੇਜ਼ਬਾਨੀ ਵਿੱਚ ਅੱਜ ਤੋਂ ਗੋਆ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਵਿਦੇਸ਼ ਮੰਤਰੀਆਂ ਦੀ ਦੋ ਦਿਨਾਂ ਮੀਟਿੰਗ ਸ਼ੁਰੂ ਹੋ ਰਹੀ ਹੈ। ਬੈਠਕ 'ਚ ਸ਼ਾਮਲ ਮੈਂਬਰ ਦੇਸ਼ ਇਸ ਸੰਮੇਲਨ 'ਚ ਖੇਤਰੀ ਚੁਣੌਤੀਆਂ ਅਤੇ ਸਿਆਸੀ ਉਥਲ-ਪੁਥਲ 'ਤੇ ਚਰਚਾ ਕਰਨਗੇ। ਸਭ ਤੋਂ ਵੱਧ ਚਰਚਾ ਐਸ ਜੈਸ਼ੰਕਰ ਅਤੇ ਬਿਲਾਵਲ ਭੁੱਟੋ ਜ਼ਰਦਾਰੀ ਵਿਚਾਲੇ ਕਾਨਫਰੰਸ ਤੋਂ ਅਲੱਗ ਦੁਵੱਲੀ ਬੈਠਕ ਬਾਰੇ ਹੋ ਰਹੀ ਹੈ। ਕਾਨਫਰੰਸ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਕਿਨ ਗਾਂਗ, ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਬੈਠਕ ਦੀ ਪ੍ਰਧਾਨਗੀ ਕਰਨਗੇ।ਤਿਆਰੀਆਂ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਇੱਥੇ ਆਪਸੀ ਕਾਰੋਬਾਰ, ਨਿਵੇਸ਼ ਅਤੇ ਸੰਪਰਕ ਵਧਾਉਣ 'ਤੇ ਹੋਰ ਗੱਲਬਾਤ ਹੋਵੇਗੀ। ਦੂਜੇ ਪਾਸੇ ਤਾਲਿਬਾਨ ਸ਼ਾਸਨ ਅਤੇ ਮੌਜੂਦਾ ਹਾਲਾਤ ਕਾਰਨ ਅਫਗਾਨਿਸਤਾਨ ਦੇ ਅੱਤਵਾਦੀ ਸਿਖਲਾਈ ਦਾ ਅੱਡਾ ਬਣਨ ਬਾਰੇ ਚਿੰਤਾਵਾਂ 'ਤੇ ਚਰਚਾ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਜੈਸ਼ੰਕਰ ਸੰਮੇਲਨ ਤੋਂ ਇਲਾਵਾ ਚੀਨ ਅਤੇ ਕੁਝ ਹੋਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਵੀ ਬੈਠਕ ਕਰ ਸਕਦੇ ਹਨ। ਸੰਮੇਲਨ ਅੱਜ 4 ਮਈ ਨੂੰ ਮੈਂਬਰ ਦੇਸ਼ਾਂ ਦੇ ਸਵਾਗਤ ਨਾਲ ਸ਼ੁਰੂ ਹੋਵੇਗਾ। 5 ਮਈ ਤੋਂ ਸਮੂਹ ਮੁੱਖ ਵਿਸ਼ਿਆਂ 'ਤੇ ਵਿਚਾਰ ਚਰਚਾ ਹੋਵੇਗੀ।