ਪਹਿਲਵਾਨਾਂ ਦਾ ਸੰਘਰਸ਼ ਲਗਾਤਾਰ ਜਾਰੀ
ਨਵੀਂ ਦਿੱਲੀ, 29 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪਹਿਲਵਾਨਾਂ ਦੇ ਸੰਘਰਸ਼ ਮਾਮਲੇ ਵਿੱਚ ਬੀਤੇ ਕੱਲ੍ਹ ਸੁਪਰੀਮ ਕੋਰਟ ਵੱਲੋਂ ਪੁਲਿਸ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਮੁੱਖ ਖਿਲਾਫ ਕੇਸ ਦਰਜ ਕਰਨ ਨੂੰ ਦਿੱਤੇ ਹੁਕਮ ਤੋਂ ਬਾਅਦ ਹੁਣ ਕੇਸ ਦਰਜ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਵੱਲੋਂ ਡਬਲਿਊ ਐਫ ਆਈ ਦੇ ਪ੍ਰਮੁੱਖ ਬ੍ਰਿਜ ਭੂਸ਼ਣ ਸ਼ਰਣ ਖਿਲਾਫ ਬੀਤੇ ਰਾਤ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਦਿੱਲੀ ਪੁਲਿਸ ਵੱਲੋਂ ਥਾਣਾ ਕਨਾਟ ਪਲੇਸ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਐਫ. ਆਈ. ਆਰ. ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਸਬੰਧਤ ਹਨ। ਇੱਕ ਐਫ. ਆਈ. ਆਰ. ਇੱਕ ਕਿਸ਼ੋਰੀ ਪਹਿਲਵਾਨ ਦੇ ਦੋਸ਼ਾਂ ਨਾਲ ਸਬੰਧਤ ਹੈ। ਇਸ ’ਚ ਬਾਲ ਸੁਰੱਖਿਆ (ਪੋਕਸੋ) ਐਕਟ ਸਮੇਤ ਭਾਰਤੀ ਦੰਡ ਸੰਹਿਤਾ (ਆਈ. ਪੀ. ਸੀ.) ਦੀਆਂ ਸਬੰਧਤ ਧਾਰਾਵਾਂ ਲਗਾਈਆਂ ਗਈਆਂ ਹਨ। ਦੂਸਰੀ ਐਫ. ਆਈ. ਆਰ. ਬਾਲਗ ਸ਼ਿਕਾਇਤਕਰਤਾਵਾਂ ਦੀਆਂ ਸ਼ਿਕਾਇਤਾਂ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਕੁਝ ਮਹਿਲਾ ਪਹਿਲਵਾਨ ਪਿਛਲੇ ਕਈ ਦਿਨਾਂ ਤੋਂ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੀਆਂ ਹਨ। ਇਹ ਮੁੱਦਾ ਸੁਪਰੀਮ ਕੋਰਟ ਵਿੱਚ ਵੀ ਗੂੰਜਿਆ ਹੈ।
ਦੂਜੇ ਪਾਸੇ ਪਹਿਲਵਾਨਾਂ ਦਾ ਸੰਘਰਸ਼ ਜੰਤਰ ਮੰਤਰ ਉਤੇ ਲਗਾਤਾਰ ਜਾਰੀ ਹੈ। ਪਹਿਲਵਾਨਾਂ ਨੂੰ ਸਮਰਥਨ ਦੇਣ ਲਈ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵੀ ਪਹੁੰਚੇ। ਪ੍ਰਿਅੰਕਾ ਗਾਂਧੀ ਨੇ ਸੰਘਰਸ਼ਕਾਰੀ ਪਹਿਲਵਾਨਾਂ ਨਾਲ ਗੱਲਬਾਤ ਕੀਤੀ।