ਨਵੀਂ ਦਿੱਲੀ, 29 ਅਪ੍ਰੈਲ, ਦੇਸ਼ ਕਲਿਕ ਬਿਊਰੋ:
ਦਿੱਲੀ ਦੀ ਸਾਕੇਤ ਅਦਾਲਤ ਅੱਜ ਸ਼ਰਧਾ ਵਾਲਕਰ ਕਤਲ ਕੇਸ ਦਾ ਫੈਸਲਾ ਸੁਣਾਏਗੀ। ਅਦਾਲਤ ਨੇ 15 ਅਪ੍ਰੈਲ ਨੂੰ ਮਾਮਲੇ ਦੇ ਮੁੱਖ ਮੁਲਜ਼ਮ ਆਫਤਾਬ ਪੂਨਾਵਾਲਾ ਖਿਲਾਫ ਦੋਸ਼ ਤੈਅ ਕਰਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਧੀ ਦੀ ਲਾਸ਼ ਦੇ ਟੁਕੜੇ ਸ਼ਰਧਾ ਦੇ ਪਿਤਾ ਵਿਕਾਸ ਨੂੰ ਸੌਂਪਣ ਨੂੰ ਲੈ ਕੇ ਅਦਾਲਤ ਵਿੱਚ ਜਵਾਬ ਦਾਖ਼ਲ ਕਰੇਗੀ। ਦੱਸ ਦਈਏ ਕਿ ਵਿਕਾਸ ਵਾਕਰ ਨੇ ਅਦਾਲਤ 'ਚ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸ਼ਰਧਾ ਦੀ ਲਾਸ਼ ਦੇ ਟੁਕੜੇ ਸੌਂਪੇ ਜਾਣ, ਤਾਂ ਜੋ ਉਹ ਆਪਣੀ ਬੇਟੀ ਦਾ ਅੰਤਿਮ ਸਸਕਾਰ ਕਰ ਸਕਣ। ਇਸ 'ਤੇ ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਪ੍ਰਸਾਦ ਨੇ ਕਿਹਾ ਕਿ ਦਿੱਲੀ ਪੁਲਿਸ ਅਗਲੀ ਸੁਣਵਾਈ ਦੀ ਤਰੀਕ 'ਤੇ ਸ਼ਰਧਾ ਦੇ ਪਿਤਾ ਦੀ ਅਰਜ਼ੀ 'ਤੇ ਜਵਾਬ ਦਾਖ਼ਲ ਕਰੇਗੀ।ਜਿਕਰਯੋਗ ਹੈ ਕਿ ਸ਼ਰਧਾ ਦੇ ਪਿਤਾ ਵਿਕਾਸ ਨੇ ਨਿਆਂ ਮਿਲਣ ਤੱਕ ਸ਼ਰਧਾ ਦਾ ਅੰਤਿਮ ਸਸਕਾਰ ਨਾ ਕਰਨ ਦੀ ਸਹੁੰ ਚੁੱਕੀ ਸੀ। ਉਸਨੇ ਮਾਰਚ 2023 ਵਿੱਚ ਕਿਹਾ ਸੀ ਕਿ ਮੇਰੀ ਧੀ ਦੇ ਕਤਲ ਨੂੰ ਮਈ ਵਿੱਚ ਇੱਕ ਸਾਲ ਪੂਰਾ ਹੋ ਜਾਵੇਗਾ, ਪਰ ਮੈਂ ਅਜੇ ਤੱਕ ਉਸਦਾ ਸਸਕਾਰ ਨਹੀਂ ਕੀਤਾ ਹੈ। ਆਫਤਾਬ ਨੂੰ ਮੌਤ ਦੀ ਸਜ਼ਾ ਮਿਲਣ ਤੋਂ ਬਾਅਦ ਹੀ ਮੈਂ ਸ਼ਰਧਾ ਦਾ ਅੰਤਿਮ ਸਸਕਾਰ ਕਰਾਂਗਾ।