CM ਯੋਗੀ ਵੱਲੋਂ ਤਿੰਨ ਮੈਂਬਰੀ ਨਿਆਂਇਕ ਜਾਂਚ ਕਮਿਸ਼ਨ ਦਾ ਗਠਨ,17 ਪੁਲਿਸ ਮੁਲਾਜ਼ਮ ਮੁਅੱਤਲ
ਲਖਨਊ, 16 ਅਪ੍ਰੈਲ, ਦੇਸ਼ ਕਲਿਕ ਬਿਊਰੋ:
ਪ੍ਰਯਾਗਰਾਜ 'ਚ ਗੈਂਗਸਟਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ ਦੀ ਹੱਤਿਆ ਤੋਂ ਬਾਅਦ ਪੂਰੇ ਯੂਪੀ ਸੂਬੇ 'ਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤੁਰੰਤ ਉੱਚ ਪੱਧਰੀ ਮੀਟਿੰਗ ਬੁਲਾਈ, ਜਿਸ ਵਿੱਚ ਤਿੰਨ ਮੈਂਬਰੀ ਨਿਆਂਇਕ ਜਾਂਚ ਕਮਿਸ਼ਨ ਦਾ ਗਠਨ ਕਰਕੇ ਸਾਰੀ ਘਟਨਾ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ ਗ੍ਰਹਿ ਸੰਜੇ ਪ੍ਰਸਾਦ ਨੂੰ ਪ੍ਰਯਾਗਰਾਜ ਭੇਜਿਆ ਗਿਆ ਹੈ। ਇਸ ਮਾਮਲੇ ਵਿੱਚ 17 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।ਮੁੱਖ ਮੰਤਰੀ ਨਿਵਾਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਕਮਿਸ਼ਨਰ ਸੰਵੇਦਨਸ਼ੀਲ ਇਲਾਕਿਆਂ ਵਿੱਚ ਗਏ ਹਨ।ਸੂਤਰਾਂ ਮੁਤਾਬਕ ਪ੍ਰਯਾਗਰਾਜ 'ਚ ਘਟਨਾ ਤੋਂ ਬਾਅਦ ਸੂਬਾ ਪੁਲਸ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਖਾਸ ਤੌਰ 'ਤੇ ਪ੍ਰਯਾਗਰਾਜ 'ਚ ਵੱਡੀ ਗਿਣਤੀ 'ਚ ਵਾਧੂ ਪੁਲਸ ਬਲ ਤਾਇਨਾਤ ਕੀਤੇ ਜਾ ਰਹੇ ਹਨ। ਵਾਰਦਾਤ ਵਾਲੀ ਜਗ੍ਹਾ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਪ੍ਰਯਾਗਰਾਜ ਪੁਲਿਸ ਤੋਂ ਇਲਾਵਾ ਐਸਟੀਐਫ ਵੀ ਮੌਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ। ਰੈਪਿਡ ਐਕਸ਼ਨ ਫੋਰਸ ਅਤੇ ਪੀਏਸੀ ਫੋਰਸ ਨੂੰ ਵੀ ਮੌਕੇ 'ਤੇ ਤਾਇਨਾਤ ਕੀਤਾ ਗਿਆ ਹੈ। ਡੀਜੀਪੀ ਆਰ ਕੇ ਵਿਸ਼ਵਕਰਮਾ ਅਤੇ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਐਂਡ ਕ੍ਰਾਈਮ ਪ੍ਰਸ਼ਾਂਤ ਕੁਮਾਰ ਪੂਰੀ ਘਟਨਾ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ।